'ਆਪਣੇ ਦਿਲ ਦਾ ਰੱਖੋ ਖ਼ਿਆਲ'; ਦਿਲ ਦੀ ਚੰਗੀ ਸਿਹਤ ਲਈ ਚੰਗੀਆਂ ਆਦਤਾਂ ਅਪਣਾਉ : ਸਿਵਲ ਸਰਜਨ ਡਾ. ਸੰਗੀਤਾ ਜੈਨ - News On Radar India

‘ਆਪਣੇ ਦਿਲ ਦਾ ਰੱਖੋ ਖ਼ਿਆਲ’; ਦਿਲ ਦੀ ਚੰਗੀ ਸਿਹਤ ਲਈ ਚੰਗੀਆਂ ਆਦਤਾਂ ਅਪਣਾਉ : ਸਿਵਲ ਸਰਜਨ ਡਾ. ਸੰਗੀਤਾ ਜੈਨ

‘ਵਿਸ਼ਵ ਦਿਲ ਦਿਵਸ’ ਮੌਕੇ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਾਗਰੂਕਤਾ ਸਰਗਰਮੀਆਂ

140

ਸਾਹਿਬਜ਼ਾਦਾ ਅਜੀਤ ਸਿੰਘ ਨਗਰ  :  ਵਿਸ਼ਵ ਦਿਲ ਦਿਵਸ ਮੌਕੇ ਅੱਜ ਜ਼ਿਲ੍ਹਾ ਮੋਹਾਲੀ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਦਿਲ ਦੀਆਂ ਬੀਮਾਰੀਆਂ ਬਾਬਤ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਸਰਗਰਮੀਆਂ ਕੀਤੀਆਂ ਗਈਆਂ। ਇਸ ਸਾਲ ਵਿਸ਼ਵ ਦਿਲ ਦਿਵਸ ਦਾ ਥੀਮ  “Don’t Miss a beat” –ਆਪਣੇ ਦਿਲ ਦਾ ਰੱਖੋ ਖ਼ਿਆਲ- ਰੱਖਿਆ ਗਿਆ ਹੈ, ਜਿਸ ਰਾਹੀਂ ਦਿਲ ਨਾਲ ਸਬੰਧਤ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਨ ਅਤੇ ਸਮੇਂ ਸਿਰ ਡਾਕਟਰੀ ਸਲਾਹ ਲੈਣ ਦਾ ਸੰਦੇਸ਼ ਦਿੱਤਾ ਗਿਆ।
ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਦਿਲ ਦੀਆਂ ਬੀਮਾਰੀਆਂ ਦੇ ਕਾਰਨਾਂ, ਲੱਛਣਾਂ, ਬਚਾਅ ਅਤੇ ਸਿਹਤਮੰਦ ਜੀਵਨ-ਸ਼ੈਲੀ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਵਧਿਆ ਹੋਇਆ ਕੋਲੈਸਟ੍ਰੋਲ, ਮੋਟਾਪਾ, ਤੰਬਾਕੂਨੋਸ਼ੀ, ਸਰੀਰਕ ਸਰਗਰਮੀ ਦੀ ਘਾਟ ਅਤੇ ਗੈਰ-ਸਿਹਤਮੰਦ ਖੁਰਾਕ ਦਿਲ ਦੀਆਂ ਬੀਮਾਰੀਆਂ ਦੇ ਖ਼ਤਰੇ ਨੂੰ ਵਧਾ ਸਕਦੇ ਹਨ।
ਡਾ. ਜੈਨ ਨੇ ਕਿਹਾ ਕਿ ਦਿਲ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਲੋਕਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸਿਹਤਮੰਦ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਛਾਤੀ ਵਿੱਚ ਦਰਦ ਜਾਂ ਬੇਚੈਨੀ, ਸਾਹ ਲੈਣ ਵਿੱਚ ਤਕਲੀਫ਼, ਅਸਧਾਰਨ ਥਕਾਵਟ, ਚੱਕਰ ਆਉਣਾ, ਬਹੁਤ ਜ਼ਿਆਦਾ ਪਸੀਨਾ ਆਉਣਾ ਜਾਂ ਦਰਦ ਦਾ ਬਾਂਹ, ਮੋਢੇ, ਪਿੱਠ, ਗਰਦਨ ਜਾਂ ਜਬਾੜੇ ਵੱਲ ਫੈਲਣ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਅਜਿਹੇ ਲੱਛਣ ਹੋਣ ’ਤੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਉਨ੍ਹਾਂ ਲੋਕਾਂ ਨੂੰ ਨਿਯਮਿਤ ਤੌਰ ’ਤੇ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਅਤੇ ਕੋਲੈਸਟ੍ਰੋਲ ਦੀ ਜਾਂਚ ਕਰਵਾਉਣ, ਸੰਤੁਲਿਤ ਖੁਰਾਕ ਲੈਣ, ਨਿਯਮਿਤ ਕਸਰਤ ਕਰਨ, ਤੰਬਾਕੂ ਤੋਂ ਦੂਰ ਰਹਿਣ ਅਤੇ ਸ਼ਰਾਬ ਦੀ ਵਰਤੋਂ ਤੋਂ ਪਰਹੇਜ਼ ਜਾਂ ਸੀਮਿਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸਰਕਾਰੀ ਸਿਹਤ ਸੰਸਥਾਵਾਂ ਦੇ ਡਾਕਟਰਾਂ, ਪੈਰਾ-ਮੈਡੀਕਲ ਸਟਾਫ਼, ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਲੋਕਾਂ ਨੂੰ ਦਿਲ ਦੀ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਦਾ ਸੰਦੇਸ਼ ਦਿੱਤਾ ਗਿਆ।       (ਡੀ ਪੀ ਆਰ ਮੋਹਾਲੀ  ਦੇ ਇਨਪੁਟ ਨਾਲ)

Advertisements
You might also like

Leave A Reply

Your email address will not be published.

Join WhatsApp Group