ਚੰਡੀਗੜ੍ਹ ਨਿਗਮ ਚੋਣਾਂ: ਵਾਰਡ ਨੰਬਰ 30 ਤੋਂ ਆਮ ਆਦਮੀ ਪਾਰਟੀ ਉਮੀਦਵਾਰ ਬੀਬੀ ਸਤਨਾਮ ਕੌਰ ਬੁਟੇਰਲਾ ਵੱਲੋਂ ਚੋਣ ਪ੍ਰਚਾਰ
ਵਾਰਡ ਵਾਸੀਆਂ ਤੋਂ ਵੋਟਾਂ ਦੀ ਕੀਤੀ ਅਪੀਲ
ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਵਾਰਡ ਨੰਬਰ 30 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਸਤਨਾਮ ਕੌਰ ਬੁਟੇਰਲਾ ਵੱਲੋਂ ਅੱਜ ਵਾਰਡ ਦੇ ਵੱਖ-ਵੱਖ ਇਲਾਕਿਆਂ ਵਿੱਚ ਜ਼ੋਰਦਾਰ ਚੋਣ ਪ੍ਰਚਾਰ ਕੀਤਾ ਗਿਆ। ਬੀਬੀ ਸਤਨਾਮ ਕੌਰ ਬੁਟੇਰਲਾ ਨੇ ਘਰ-ਘਰ ਜਾ ਕੇ ਵਾਰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ “ਝਾੜੂ” ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਜੇਕਰ ਵਾਰਡ ਵਾਸੀ ਉਨ੍ਹਾਂ ਨੂੰ ਸੇਵਾ ਦਾ ਮੌਕਾ ਦਿੰਦੇ ਹਨ, ਤਾਂ ਉਹ ਵਾਰਡ ਦੀਆਂ ਸਾਰੀਆਂ ਮੁੱਢਲੀਆਂ ਸਹੂਲਤਾਂ ਜਿਵੇਂ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ, ਸੜਕਾਂ, ਸਟਰੀਟ ਲਾਈਟਾਂ, ਪਾਰਕਾਂ ਦੀ ਸਾਂਭ-ਸੰਭਾਲ ਅਤੇ ਸੀਵਰੇਜ ਸਿਸਟਮ ਦਾ ਖਿਆਲ ਰੱਖਣਗੇ। ਉਨ੍ਹਾਂ ਦਾ ਇੱਕੋ ਮਕਸਦ ਵਾਰਡ ਦਾ ਸਰਬਪੱਖੀ ਵਿਕਾਸ ਅਤੇ ਹਰ ਵਾਰਡ ਵਾਸੀ ਦੀ ਆਵਾਜ਼ ਨਗਰ ਨਿਗਮ ਵਿੱਚ ਪਹੁੰਚਾਉਣਾ ਰਹੇਗਾ।
ਇਸ ਮੌਕੇ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਉਨ੍ਹਾਂ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬੀਬੀ ਸਤਨਾਮ ਕੌਰ ਬੁਟੇਰਲਾ ਦੇ ਚੋਣ ਨਿਸ਼ਾਨ ਝਾੜੂ ਨੂੰ ਵੱਧ ਤੋਂ ਵੱਧ ਵੋਟਾਂ ਦੇ ਕੇ ਕਾਮਯਾਬ ਕਰਨ, ਤਾਂ ਜੋ ਵਾਰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾ ਸਕੇ।
ਚੋਣ ਪ੍ਰਚਾਰ ਦੌਰਾਨ ਵਾਰਡ ਵਾਸੀਆਂ ਵੱਲੋਂ ਬੀਬੀ ਸਤਨਾਮ ਕੌਰ ਬੁਟੇਰਲਾ ਦਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਭਰਪੂਰ ਸਮਰਥਨ ਦੇਣ ਦਾ ਭਰੋਸਾ ਦਿਵਾਇਆ ਗਿਆ। (ਚੰਡੀਗੜ੍ਹ ਤੋਂ ਹਰਮਿੰਦਰ ਨਾਗਪਾਲ ਦੀ ਰਿਪੋਟ)
