ਵਿਸ਼ਵ ਸਾਈਕਲ ਦਿਵਸ ਸਬੰਧੀ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਅਸ਼ਮਿਤਾ ਖੇਲੋ ਇੰਡੀਆ ਵਿਮੈਨ ਲੀਗ ਅਤੇ ਰੈਲੀ - News On Radar India
News around you

ਵਿਸ਼ਵ ਸਾਈਕਲ ਦਿਵਸ ਸਬੰਧੀ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਅਸ਼ਮਿਤਾ ਖੇਲੋ ਇੰਡੀਆ ਵਿਮੈਨ ਲੀਗ ਅਤੇ ਰੈਲੀ

ਮਹਿਲਾਵਾਂ ਨੂੰ ਸਾਈਕਲਿੰਗ ਖੇਡ ਨਾਲ ਜੋੜਨ ਅਤੇ ਸਿਹਤਮੰਦ ਜੀਵਨਸ਼ੈਲੀ ਲਈ ਕੀਤਾ ਗਿਆ ਪ੍ਰੇਰਿਤ

1

ਐੱਸ.ਏ.ਐਸ. ਨਗਰ (ਮੋਹਾਲੀ) : ਵਿਸ਼ਵ ਸਾਈਕਲ ਦਿਵਸ ਸਬੰਧੀ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਫੇਜ਼-07, ਮੋਹਾਲੀ ਵਿਖੇ ਅਸ਼ਮਿਤਾ ਖੇਲੋ ਇੰਡੀਆ ਵਿਮੈਨ ਲੀਗ ਅਤੇ ਵਿਸ਼ਾਲ ਸਾਈਕਲ ਰੈਲੀ ਬੜੇ ਉਤਸ਼ਾਹ ਅਤੇ ਜੋਸ਼ ਨਾਲ ਕਰਵਾਈ ਗਈ। ਇਸ ਸਮਾਗਮ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਸਾਈਕਲਿੰਗ ਖੇਡ ਨਾਲ ਜੋੜਨਾ, ਉਨ੍ਹਾਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨਾ ਸੀ।

ਇਸ ਮੌਕੇ ਮਹਿਲਾ ਸਾਈਕਲ ਸਵਾਰਾਂ ਨੇ ਵੱਖ-ਵੱਖ ਉਮਰ ਵਰਗਾਂ ਵਿੱਚ ਭਾਗ ਲੈ ਕੇ ਆਪਣੀ ਕਾਬਲਿਅਤ, ਹੁਨਰ ਅਤੇ ਜਜ਼ਬੇ ਦਾ ਪ੍ਰਦਰਸ਼ਨ ਕੀਤਾ। ਖਿਡਾਰੀਆਂ ਵਿੱਚ ਮੁਕਾਬਲਿਆਂ ਨੂੰ ਲੈ ਕੇ ਵੱਡਾ ਜੋਸ਼ ਦੇਖਣ ਨੂੰ ਮਿਲਿਆ ਅਤੇ ਹਰ ਵਰਗ ਵਿੱਚ ਫਸਵੀਂ ਟੱਕਰ ਰਹੀ।

ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਸਬ ਜੂਨੀਅਰ ਵਰਗ ਵਿੱਚ ਅਰਸ਼ਿਤਾ ਨੇ ਪਹਿਲਾ ਅਤੇ ਪਰੀਨਾਜ਼ ਨੇ ਦੂਜਾ ਸਥਾਨ ਹਾਸਲ ਕੀਤਾ। ਜੂਨੀਅਰ ਵਰਗ ਵਿੱਚ ਪੂਨਿਆ ਨੇ ਪਹਿਲਾ ਅਤੇ ਸਮਾਇਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅਲੀਟ ਵਰਗ ਵਿੱਚ ਦੀਪ ਇੰਦਰ ਕੌਰ ਨੇ ਪਹਿਲਾ, ਨੇਮੀ ਨੇ ਦੂਜਾ ਅਤੇ ਹਰਪ੍ਰੀਤ ਕੌਰ ਕੰਗ ਨੇ ਤੀਜਾ ਸਥਾਨ ਹਾਸਲ ਕਰਕੇ ਆਪਣੀ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ਦਾ ਮਨ ਮੋਹ ਲਿਆ।

ਇਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਅਸ਼ਮਿਤਾ ਖੇਲੋ ਇੰਡੀਆ ਵਿਮੈਨ ਲੀਗ ਦਾ ਮੰਤਵ ਮਹਿਲਾਵਾਂ ਨੂੰ ਖੇਡਾਂ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਇੱਕ ਮਜ਼ਬੂਤ ਮੁਕਾਬਲਾਤੀ ਮੰਚ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਸਾਈਕਲਿੰਗ ਨਾ ਸਿਰਫ ਇੱਕ ਖੇਡ ਹੈ, ਸਗੋਂ ਇਹ ਤੰਦਰੁਸਤ ਜੀਵਨ, ਵਾਤਾਵਰਣ ਸੰਭਾਲ ਅਤੇ ਟ੍ਰੈਫਿਕ ਪ੍ਰਬੰਧਨ ਲਈ ਵੀ ਬਹੁਤ ਮਹੱਤਵਪੂਰਨ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਾਈਕਲਿੰਗ ਖੇਡ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਐਸੋਸੀਏਸ਼ਨ ਵੱਲੋਂ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੇ ਪੱਧਰ ’ਤੇ ਮੁਕਾਬਲੇ, ਟ੍ਰੇਨਿੰਗ ਕੈਂਪ ਅਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਖ਼ਾਸ ਕਰਕੇ ਲੜਕੀਆਂ ਇਸ ਖੇਡ ਨਾਲ ਜੁੜ ਸਕਣ।

ਉਹਨਾਂ ਕਿਹਾ ਕਿ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਨੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸ਼੍ਰੀ ਪੰਕਜ ਸਿੰਘ, ਚੇਅਰਮੈਨ ਸ੍ਰ. ਓਂਕਾਰ ਸਿੰਘ, ਸਕੱਤਰ ਜਨਰਲ ਸ੍ਰ. ਮਨਿੰਦਰਪਾਲ ਸਿੰਘ ਅਤੇ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਅਤੇ ਜਨਰਲ ਸਕੱਤਰ ਸ਼੍ਰੀ ਜਗਦੀਪ ਸਿੰਘ ਦਾ ਇਹ ਮਹੱਤਵਪੂਰਨ ਈਵੈਂਟ ਪੰਜਾਬ ਨੂੰ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ।

ਸਮਾਗਮ ਵਿੱਚ ਜੂਨੀਅਰ ਵਰਲਡ ਚੈਂਪੀਅਨ ਹਾਕੀ ਖਿਡਾਰੀ ਇੰਦਰਜੀਤ ਸਿੰਘ ਚੱਢਾ, ਮੈਡਮ ਜੋਤਇੰਦਰ ਕੌਰ ਕਮਾਂਡੈਂਟ ਸੀਆਈਐਸਐਫ, ਬ੍ਰਿਗੇਡੀਅਰ ਐਚ.ਐਸ. ਬੇਦੀ ਅਤੇ ਪਰਦੀਪ ਕੁਮਾਰ ਈਟੀਓ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਮਹਿਲਾਵਾਂ ਦਾ ਖੇਡਾਂ ਵਿੱਚ ਵਧਦਾ ਯੋਗਦਾਨ ਪੰਜਾਬ ਲਈ ਮਾਣ ਦੀ ਗੱਲ ਹੈ ਅਤੇ ਇਸ ਤਰ੍ਹਾਂ ਦੇ ਉਪਰਾਲੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਅੱਗੇ ਵਧਣ ਦਾ ਮੌਕਾ ਪ੍ਰਦਾਨ ਕਰਦੇ ਹਨ।

ਇਸ ਮੌਕੇ ਜਸਵੀਰ ਸਿੰਘ ਵਾਈਸ ਪ੍ਰੈਜ਼ੀਡੈਂਟ, ਸੁਖਜਿੰਦਰ ਸਿੰਘ ਜੁਆਇੰਟ ਸਕੱਤਰ, ਮੈਡਮ ਦਮਨਪ੍ਰੀਤ ਕੌਰ ਚੇਅਰਮੈਨ ਈਵੈਂਟ ਮੈਨੇਜਮੈਂਟ ਕਮੇਟੀ, ਅਮਨਦੀਪ ਸਿੰਘ ਰੁਮਾਣਾ ਅਤੇ ਹੋਰ ਅਨੇਕ ਖੇਡ ਪ੍ਰੇਮੀ, ਕੋਚ ਅਤੇ ਖਿਡਾਰੀ ਵੀ ਸਮਾਗਮ ਵਿੱਚ ਮੌਜੂਦ ਰਹੇ।

ਸਮਾਗਮ ਦੇ ਅੰਤ ਵਿੱਚ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਹ ਸਮਾਗਮ ਮਹਿਲਾ ਸਸ਼ਕਤੀਕਰਨ ਅਤੇ ਖੇਡ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ।

 

You might also like

Leave A Reply

Your email address will not be published.

Join WhatsApp Group