ਰਿਆਤ ਅਤੇ ਬਾਹਰਾ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ ‘ਕੌਮੀ ਸੜਕ ਸੁਰੱਖਿਆ ਮਹੀਨਾ’ ਸਮਾਪਨ ਸਮਾਰੋਹ
ਐਸ ਐਸ ਪੀ ਦੀਪਕ ਪਾਰਿਕ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਗਿਆ
ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਰਾਸ਼ਟਰੀ ਸੜ੍ਹਕ ਸੁਰੱਖਿਆ ਮਹੀਨਾ ਜੋ ਕਿ 01 ਜਨਵਰੀ ਤੋਂ 31 ਜਨਵਰੀ 2025 ਤੱਕ ਮਨਾਇਆ ਗਿਆ, ਦਾ ਸਮਾਪਤੀ ਸਮਾਰੋਹ, ਅੱਜ ਜ਼ਿਲ੍ਹਾ ਪੁਲਿਸ ਵੱਲੋਂ ਰਿਆਤ ਅਤੇ ਬਾਹਰਾ, ਯੂਨੀਵਰਸਿਟੀ, ਖਰੜ ਵਿਖੇ ਕਰਵਾਇਆ ਗਿਆ।
ਸੀਨੀਅਰ ਕਪਤਾਨ ਪੁਲਿਸ ਦੀਪਕ ਪਾਰਿਕ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਐਸ.ਪੀ ਟ੍ਰੈਫਿਕ ਐੱਚ ਐੱਸ ਮਾਨ ਵੀ ਹਾਜ਼ਰ ਸਨ। ਸਮਾਗਮ ਦੌਰਾਨ ਰਿਆਤ ਅਤੇ ਬਾਹਰਾ, ਇੰਟਰਨੈਸ਼ਨ, ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਵੱਲੋਂ ਟ੍ਰੈਫਿਕ ਨਿਯਮਾਂ ਦੇ ਸਬੰਧ ਵਿੱਚ ਨੁੱਕੜ ਨਾਟਕ ਤੋਂ ਇਲਾਵਾ ਵਿਦਿਆਰਥਣਾਂ ਵੱਲੋਂ ਗਿੱਧਾ ਵੀ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੌਰਾਨ ਸਕੂਲੀ ਬੱਚਿਆਂ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਪੇਸ਼ਕਾਰੀ ਕਰਕੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਗਿਆ।
ਸੀਨੀਅਰ ਕਪਤਾਨ ਪੁਲਿਸ ਦੀਪਕ ਪਾਰਿਕ ਵੱਲੋਂ ਟ੍ਰੈਫਿਕ ਪੁਲਿਸ ਦੀ ਇਸ ਨੇਕ ਉਪਰਾਲੇ ਲਈ ਸ਼ਲਾਘਾ ਕੀਤੀ ਗਈ। ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ। ਉਨ੍ਹਾਂ ਵੱਲੋਂ ਨੁੱਕੜ ਨਾਟਕ ਅਤੇ ਗਿੱਧੇ ਦੀ ਟੀਮ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਤੋਹਫੇ ਦੇ ਕੇ ਸਨਮਾਨਿਤ ਕਰਨ ਲਈ ਕਿਹਾ ਗਿਆ।
ਉਨ੍ਹਾਂ ਸਕੂਲ ਦੇ ਪ੍ਰਿੰਸੀਪਲ ਨੂੰ ਟ੍ਰੈਫਿਕ ਨਿਯਮਾਂ ਦੇ ਸਬੰਧ ਵਿੱਚ ਕੁਇਜ਼ ਮੁਕਾਬਲੇ ਕਰਵਾਉਣ ਲਈ ਕਿਹਾ ਅਤੇ ਪਹਿਲੇ ਤਿੰਨਾਂ ਸਥਾਨਾਂ ਤੇ ਆਉਣ ਵਾਲੇ ਬੱਚਿਆਂ ਨੂੰ ਇਨਾਮ ਦੇਣ ਲਈ ਆਖਿਆ।
ਸ੍ਰੀ ਦੀਪਕ ਪਾਰਿਕ ਵੱਲੋਂ ਬੱਚਿਆਂ ਨੂੰ ਇਹ ਵੀ ਸੁਝਾਅ ਦਿੱਤਾ ਗਿਆ ਕਿ ਜੇਕਰ ਕੋਈ ਬੱਚਾ ਕਿਸੇ ਵਿਸ਼ੇ ਤੇ ਜਿਵੇਂ ਕਿ ਨਸ਼ਿਆਂ ਤੋਂ ਦੂਰ ਰਹਿਣ, ਬੇਟੀ ਬਚਾਓ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਆਦਿ ਸਬੰਧੀ ਜੇਕਰ ਕੋਈ ਵੀਡੀਓ ਪੇਸ਼ ਕਰਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਹੈ, ਤਾਂ ਉਸ ਦੀ ਵੀਡੀਓ ਪੁਲਿਸ ਵਿਭਾਗ ਵੱਲੋਂ ਆਪਣੇ ਸੋਸ਼ਲ ਮੀਡੀਆ ਚੈਨਲ ਤੇ ਅਪਲੋਡ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜੇਕਰ ਕੋਈ ਚਾਹਵਾਨ ਬੱਚਾ ਇਕ ਦਿਨ ਲਈ ਟ੍ਰੈਫਿਕ ਪੁਲਿਸ ਵਾਂਗ ਡਿਊਟੀ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ।
ਡੀ.ਐਸ.ਪੀ. (ਟ੍ਰੈਫਿਕ) ਕਰਨੈਲ ਸਿੰਘ ਨੇ ਇਸ ਸਮਾਪਤੀ ਸਮਾਰੋਹ ਦੌਰਾਨ ਵਿਦਿਆਰਥੀਆਂ ਅਤੇ ਹੋਰ ਸਟਾਫ ਨੂੰ ਇਹ ਵੀ ਦੱਸਿਆ ਗਿਆ ਕਿ ਮੋਟਰ ਵਹੀਕਲ ਐਕਟ ਦੀ ਧਾਰਾ 199 ਏ ਤਹਿਤ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਵਹੀਕਲ ਚਲਾਉਦਾ ਹੈ ਤਾਂ ਉਸਦੇ ਮਾਪਿਆਂ ਨੂੰ 3 ਸਾਲ ਦੀ ਕੈਦ, 25 ਹਜਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਵਹੀਕਲ ਦੇਣ ਵਾਲੇ ਵਿਅਕਤੀ ਨੂੰ ਵੀ 3 ਸਾਲ ਦੀ ਸਜਾ ਜਾਂ ਜੁਰਮਾਨਾ ਹੋ ਸਕਦਾ ਹੈ। ਜੇਕਰ ਤੁਸੀ ਐਮਰਜੈਂਸੀ ਵਹੀਕਲ (ਐਂਬੂਲੈਂਸ, ਫਾਇਰ ਗੱਡੀ ਆਦਿ) ਨੂੰ ਰਸਤਾ ਨਹੀ ਦਿੰਦੇ ਤਾਂ ਮੋਟਰ ਵਹੀਕਲ ਐਕਟ ਦੀ ਧਾਰਾ 194 ਈ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਜਿਸ ਤਹਿਤ 10,000 ਰੁਪਏ ਦਾ ਜੁਰਮਾਨਾ ਜਾਂ 6 ਮਹੀਨੇ ਤੱਕ ਦੀ ਸਜਾ ਹੋ ਸਕਦੀ ਹੈ। ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਸਰਕਾਰ ਦੁਆਰਾ ਚਲਾਈ ਗਈ Scheme for Grant of Award to the Good Samaritan ਸਕੀਮ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਜੇਕਰ ਕੋਈ ਵਿਅਕਤੀ ਕਿਸੇ ਐਕਸੀਡੈਂਟ ਹੋਏ ਵਿਅਕਤੀ ਦੀ ਮੱਦਦ ਕਰਦਾ ਹੈ ਤਾਂ ਉਸਨੂੰ 2000 ਰੁਪਏ ਸਰਕਾਰ ਵੱਲੋ (ਫ਼ਰਿਸ਼ਤੇ ਸਕੀਮ ਤਹਿਤ) ਦਿੱਤੇ ਜਾਣਗੇ।
ਇਸ ਮੌਕੇ ਆਰ.ਟੀ.ਓ. ਪ੍ਰਦੀਪ ਸਿੰਘ ਢਿੱਲੋਂ, ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਮਹਿਲਾ ਸਿਪਾਹੀ ਖੁਸ਼ਪ੍ਰੀਤ ਕੌਰ, ਕਾਲਜ ਡੀਨ ਡਾ. ਬਾਂਸਲ, ਪ੍ਰਿੰਸੀਪਲ ਡਾ.ਅਭਿਲਾਸ਼ਾ ਸਿੰਘ ਅਤੇ ਸਕੂਲ ਦਾ ਸਟਾਫ ਹਾਜ਼ਰ ਸਨ | (ਡੀ ਪੀ ਆਰ ਦੇ ਇੰਪੁੱਟ ਨਾਲ)
Discover more from News On Radar India
Subscribe to get the latest posts sent to your email.
Comments are closed.