ਸਿਵਲ ਸਰਜਨ ਸੰਗੀਤਾ ਜੈਨ ਵਲੋਂ ਆਰ.ਬੀ.ਐਸ.ਕੇ. ਪ੍ਰੋਗਰਾਮ ਬਿਹਤਰ ਢੰਗ ਨਾਲ ਲਾਗੂ ਕਰਨ ਦੀ ਹਦਾਇਤ - News On Radar India
News around you

ਸਿਵਲ ਸਰਜਨ ਸੰਗੀਤਾ ਜੈਨ ਵਲੋਂ ਆਰ.ਬੀ.ਐਸ.ਕੇ. ਪ੍ਰੋਗਰਾਮ ਬਿਹਤਰ ਢੰਗ ਨਾਲ ਲਾਗੂ ਕਰਨ ਦੀ ਹਦਾਇਤ

ਆਯੁਰਵੈਦਿਕ ਮੈਡੀਕਲ ਅਫ਼ਸਰਾਂ ਨਾਲ ਕੀਤੀ ਸਮੀਖਿਆ ਬੈਠਕ, ਦਿਤੀਆਂ ਜ਼ਰੂਰੀ ਹਦਾਇਤਾਂ

61

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਸਿਵਲ  ਸਰਜਨ ਡਾ. ਸੰਗੀਤਾ ਜੈਨ ਨੇ ਆਰ.ਬੀ.ਐਸ. ਕੇ (ਰਾਸ਼ਟਰੀ ਬਾਲ ਸਵਾਸਥਿਆ ਕਾਰਿਆਕ੍ਰਮ) ਅਧੀਨ ਆਯੁਰਵੈਦਿਕ ਮੈਡੀਕਲ ਅਫ਼ਸਰਾਂ, ਸਟਾਫ਼ ਨਰਸਾਂ ਅਤੇ ਫ਼ਾਰਮਾਸਿਸਟਾਂ ਨਾਲ ਸਮੀਖਿਆ ਬੈਠਕ ਕੀਤੀ ਅਤੇ ਹਦਾਇਤ ਕੀਤੀ ਕਿ ਇਸ ਪ੍ਰੋਗਰਾਮ ਨੂੰ ਹੋਰ ਅਸਰਦਾਰ ਤਰੀਕੇ ਨਾਲ ਲਾਗੂ ਕੀਤਾ ਜਾਵੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਆਖਿਆ ਕਿ ਮੁਢਲੀ ਜਾਂਚ, ਰੈਫ਼ਰ ਕਰਨਾ, ਬੀਮਾਰੀਆਂ ਤੋਂ ਪੀੜਤ ਬੱਚਿਆਂ ਲਈ ਢੁਕਵੇਂ ਪ੍ਰਬੰਧ ਕਰਨਾ ਅਤੇ ਇਲਾਜ ਲਈ ਪ੍ਰੇਰਿਤ ਕਰਨਾ ਆਰ.ਬੀ.ਐਸ.ਕੇ ਪ੍ਰੋਗਰਾਮ

ਦੇ ਮੁੱਖ ਅੰਸ਼ ਹਨ। ਇਸ ਪ੍ਰੋਗਰਾਮ ਅਧੀਨ ਪੰਜਾਬ ਸਰਕਾਰ ਵਲੋਂ ਰਾਜ ਦੇ 0 ਤੋਂ 18 ਸਾਲ ਤਕ ਦੇ ਬੱਚਿਆਂ ਦੀਆਂ ਵੱਖ-ਵੱਖ 31 ਬੀਮਾਰੀਆਂ ਦੇ ਮੁਫ਼ਤ ਇਲਾਜ ਦੀ ਸਹੂਲਤ ਦਿਤੀ ਜਾਂਦੀ ਹੈ। ਇਸ ਲਈ ਟੂਰ ਪ੍ਰੋਗਰਾਮ ਮੁਤਾਬਕ ਹਰ ਸਕੂਲ ਅਤੇ ਆਂਗਨਵਾੜੀ ਸੈਂਟਰ ਵਿਚ ਬੱਚਿਆਂ ਦੀ ਬਰੀਕੀ ਨਾਲ ਸਿਹਤ ਜਾਂਚ ਕੀਤੀ ਜਾਵੇ ਅਤੇ ਸਰਕਾਰੀ ਸਿਹਤ ਸਹੂਲਤਾਂ ਹਰ ਲੋੜਵੰਦ ਬੱਚੇ ਤਕ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ।
ਡਾ. ਜੈਨ ਨੇ ਸਟਾਫ਼ ਨੂੰ ਮਹੀਨਾਵਾਰ ਮਾਈਕਰੋ ਪਲਾਨ ਤਿਆਰ ਕਰਨ ਦੀ ਹਦਾਇਤ ਦਿੰਦਿਆਂ ਕਿਹਾ ਕਿ ਟੂਰ ਪ੍ਰੋਗਰਾਮ ਪਲਾਨ ਮੁਤਾਬਕ ਹੀ ਕੀਤਾ ਜਾਵੇ ਅਤੇ ਜੇ ਕੋਈ ਤਬਦੀਲੀ ਹੈ ਤਾਂ ਉਚ ਅਧਿਕਾਰੀਆਂ ਨੂੰ ਸਮੇਂ ਸਿਰ ਜਾਣੂੰ ਕਰਵਾਇਆ ਜਾਵੇ। ਉਨ੍ਹਾਂ ਸਟਾਫ਼ ਦੀ ਪ੍ਰਗਤੀ ਰਿਪੋਰਟ ਵਾਚਦਿਆਂ ਤਸੱਲੀ ਪ੍ਰਗਟ ਕੀਤੀ ਅਤੇ ਨਾਲ ਹੀ ਆਖਿਆ ਕਿ ਪੂਰੀ ਮਿਹਨਤ ਅਤੇ ਲਗਨ ਨਾਲ ਮਹੀਨਾਵਾਰ ਟੀਚੇ ਪ੍ਰਾਪਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਮੋਬਾਈਲ ਸਿਹਤ ਟੀਮਾਂ ਨੂੰ ਮਿੱਥੇ ਸਮੇਂ ‘ਚ ਬੀਮਾਰ ਬੱਚਿਆਂ ਦਾ ਇਲਾਜ ਯਕੀਨੀ ਬਣਾਉਣਾ ਚਾਹੀਦਾ ਹੈ।ਸਿਵਲ ਸਰਜਨ ਨੇ ਇਹ ਵੀ ਕਿਹਾ ਕਿ ਬੱਚਿਆਂ ਦੀ ਨਜ਼ਰ ਟੈਸਟ ਕਰਨ ਦੀ ਮੁਢਲੀ ਜਾਣਕਾਰੀ ਅਧਿਆਪਕਾਂ ਨੂੰ ਵੀ ਦਿਤੀ ਜਾਵੇ ਤਾਂਕਿ ਲੋੜ ਪੈਣ ‘ਤੇ ਅਧਿਆਪਕ ਵੀ ਬੱਚਿਆਂ ਦੀ ਪਛਾਣ ਕਰ ਸਕਣ ਅਤੇ ਫਿਰ ਸਿਹਤ ਵਿਭਾਗ ਦੀਆਂ ਮੋਬਾਈਲ ਟੀਮਾਂ ਦੁਆਰਾ ਮੁਕੰਮਲ ਚੈਕਿੰਗ ਮਗਰੋਂ ਬੱਚਿਆਂ ਦੀ ਸਿਹਤ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਆਰ.ਬੀ.ਐਸ.ਕੇ ਅਧੀਨ ਦਿਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਸਰਗਰਮੀਆਂ ਕਰਨ ਦੀ ਵੀ ਹਦਾਇਤ ਦਿਤੀ। ਮੀਟਿੰਗ ਵਿਚ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ, ਜ਼ਿਲ੍ਹਾ ਆਰ.ਬੀ.ਐਸ.ਕੇ. ਕੁਆਰਡੀਨੇਟਰ ਵਿਵੇਕ ਕੁਮਾਰ ਸ਼ਰਮਾ ਅਤੇ ਹੋਰ ਅਧਿਕਾਰੀ ਮੌਜੂਦ   ਸਨ।

Comments are closed.