ਮੋਹਾਲੀ ਪ੍ਰਸ਼ਾਸਨ ਝੋਨੇ ਦੇ ਮੰਡੀਕਰਨ ਸੀਜ਼ਨ ਲਈ ਪੂਰੀ ਤਰ੍ਹਾਂ ਤਿਆਰ: ਡੀ ਸੀ ਆਸ਼ਿਕਾ ਜੈਨ - News On Radar India
News around you

ਮੋਹਾਲੀ ਪ੍ਰਸ਼ਾਸਨ ਝੋਨੇ ਦੇ ਮੰਡੀਕਰਨ ਸੀਜ਼ਨ ਲਈ ਪੂਰੀ ਤਰ੍ਹਾਂ ਤਿਆਰ: ਡੀ ਸੀ ਆਸ਼ਿਕਾ ਜੈਨ

ਇਸ ਸੀਜ਼ਨ ਦੌਰਾਨ 2,15,220 ਮੀਟਰਿਕ ਟਨ ਦੀ ਸੰਭਾਵਿਤ ਆਮਦ ਲਈ 15 ਖਰੀਦ ਕੇਂਦਰ ਸਥਾਪਤ; ਲੇਬਰ, ਟਰਾਂਸਪੋਰਟ ਅਤੇ ਕਾਰਟੇਜ ਦੇ ਪ੍ਰਬੰਧ ਪੂਰੇ ਕੀਤੇ ਗਏ 

218
ਐਸ.ਏ.ਐਸ.ਨਗਰ: ਝੋਨੇ ਦੇ ਮੰਡੀਕਰਨ ਸੀਜ਼ਨ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਐਸ.ਏ.ਐਸ.ਨਗਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
 ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ ਏ ਐਸ ਨਗਰ ਮੁਹਾਲੀ ਵਿਖੇ ਕਮਿਸ਼ਨ ਏਜੰਟਾਂ, ਰਾਈਸ ਮਿੱਲਰਾਂ ਅਤੇ ਖਰੀਦ ਏਜੰਸੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡੀ ਸੀ ਜੈਨ ਨੇ ਕਮਿਸ਼ਨ ਏਜੰਟਾਂ ਅਤੇ ਰਾਈਸ ਮਿੱਲਰਾਂ ਨੂੰ ਖਰੀਦ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 15 ਖਰੀਦ ਕੇਂਦਰਾਂ ਨੂੰ ਨੋਟੀਫਾਈ ਕੀਤਾ ਗਿਆ ਹੈ ਜਿੱਥੇ ਸੀਜ਼ਨ ਦੌਰਾਨ 2,15,220 ਮੀਟਰਕ ਟਨ ਦੀ ਆਮਦ ਹੋਣ ਦੀ ਸੰਭਾਵਨਾ ਹੈ।
 ਡਿਪਟੀ ਕਮਿਸ਼ਨਰ ਨੇ ਕਮਿਸ਼ਨ ਏਜੰਟਾਂ ਅਤੇ ਰਾਈਸ ਮਿੱਲਰਾਂ ਦੀਆਂ ਸਮੱਸਿਆਵਾਂ ਸੁਣਦੇ ਹੋਏ ਖਰੀਦ ਏਜੰਸੀਆਂ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ 1 ਅਕਤੂਬਰ ਤੋਂ ਪਹਿਲਾਂ-ਪਹਿਲਾਂ (ਖਰੀਦ ਸ਼ੁਰੂ ਹੋਣ ਤੋਂ ਪਹਿਲਾਂ) ਮਸਲਿਆਂ ਦਾ ਹੱਲ ਕਰ ਲੈਣ।
ਉਨ੍ਹਾਂ ਸਮੇਂ ਸਿਰ ਅਦਾਇਗੀ ਦੇ ਨਾਲ-ਨਾਲ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਫਸਲ ਦੀ ਲਿਫਟਿੰਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਲੇਬਰ ਅਤੇ ਢੋਆ-ਢੁਆਈ ਲਈ ਟੈਂਡਰ ਪ੍ਰਕਿਰਿਆ ਪਹਿਲਾਂ ਹੀ ਮੁਕੰਮਲ ਹੋ ਚੁੱਕੀ ਹੈ ਅਤੇ ਏਜੰਸੀਆਂ ਕੋਲ ਝੋਨਾ ਭਰਨ ਲਈ ਲੋੜੀਂਦੀਆਂ ਬਾਰਦਾਨਾਂ ਗੱਠਾਂ ਉਪਲਬਧ ਹਨ।
 ਉਨ੍ਹਾਂ ਜ਼ਿਲ੍ਹੇ ਵਿੱਚ ਖਰੀਦ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਮਿਸ਼ਨ ਏਜੰਟਾਂ, ਰਾਈਸ ਮਿੱਲਰਾਂ ਅਤੇ ਖਰੀਦ ਏਜੰਸੀਆਂ ਦਰਮਿਆਨ ਬਿਹਤਰ ਤਾਲਮੇਲ ‘ਤੇ ਜ਼ੋਰ ਦਿੱਤਾ।
 ਮੀਟਿੰਗ ਵਿੱਚ ਏ ਡੀ ਸੀ (ਜ) ਵਿਰਾਜ ਐਸ ਤਿੜਕੇ , ਐਸ ਡੀ ਐਮ ਮੁਹਾਲੀ ਦੀਪਾਂਕਰ ਗਰਗ, ਡੀ ਐਫ ਐਸ ਸੀ ਵਿਜੇ ਸਿੰਗਲਾ, ਡੀ ਐਮ ਪਨਸਪ ਪਰਵਿੰਦਰ ਬੋਪਾਰਾਏ, ਡੀ ਐਮ ਐਫ ਸੀ ਆਈ ਅਮਿਤ ਪੰਥ, ਡੀ ਐਮ ਮਾਰਕਫੈੱਡ ਪੂਨਮ ਸਿੰਗਲਾ, ਡੀ ਐਮ ਪੰਜਾਬ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਰਘਬੀਰ ਸਿੰਘ ਅਤੇ ਕਮਿਸ਼ਨ ਏਜੰਟਾਂ, ਰਾਈਸ ਮਿੱਲਰਜ਼ ਅਤੇ ਮੰਡੀ ਬੋਰਡ ਦੇ ਨੁਮਾਇੰਦੇ ਹਾਜ਼ਰ ਸਨ।                                         (ਡੀ.ਪੀ.ਆਰ, ਪੰਜਾਬ ਦੇ ਇਨਪੁਟ ਨਾਲ)
You might also like

Comments are closed.

Join WhatsApp Group