31 ਐਫ.ਆਈ.ਆਰਾਂ, 250 ਸ਼ਿਕਾਇਤਾਂ ਦੇ ਬਾਵਜੂਦ ਇੰਮੀਗ੍ਰੇਸ਼ਨ ਏਜੰਟ ਦੀ ਬੱਲੇ-ਬੱਲੇ, ਪਟਿਆਲਾ ਪੁਲਿਸ ਵਲੋਂ ਸ਼ਹਿ - News On Radar India
News around you

31 ਐਫ.ਆਈ.ਆਰਾਂ, 250 ਸ਼ਿਕਾਇਤਾਂ ਦੇ ਬਾਵਜੂਦ ਇੰਮੀਗ੍ਰੇਸ਼ਨ ਏਜੰਟ ਦੀ ਬੱਲੇ-ਬੱਲੇ, ਪਟਿਆਲਾ ਪੁਲਿਸ ਵਲੋਂ ਸ਼ਹਿ

ਇੰਮੀਗ੍ਰੇਸ਼ਨ ਏਜੰਟ ਨੇ ਪਟਿਆਲਾ, ਖੰਨਾ ਅਤੇ ਚੰਡੀਗੜ੍ਹ ਆਦਿ ਵਿਖੇ ਆਪਣੀਆਂ ਵੱਖ ਵੱਖ ਕੰਪਨੀਆਂ ਰਾਹੀਂ ਆਮ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਆਪਣੀਆਂ ਜੇਬਾਂ ਭਰ ਰਿਹਾ

58

ਮੋਹਾਲੀ : ਪਟਿਆਲਾ ਦੇ  ਇੱਕ ਇੰਮੀਗ੍ਰੇਸ਼ਨ ਏਜੰਟ ਵੱਲੋਂ ਪੰਜਾਬ ਦੇ ਲੋਕਾਂ ਦੀ ਦੋਨਾਂ ਹੱਥੀ ਕੀਤੀ ਜਾ ਰਹੀ ਲੁੱਟ ਨੂੰ ਦਬਾਉਣ ਵਿਚ  ਪੁਲਿਸ ਨਾਕਾਮ ਰਹੀ ਹੈ। ਪੀੜ੍ਹਤਾਂ ਵੱਲੋਂ ਏਜੰਟ ਖਿਲਾਫ਼ ਅਵਾਜ਼ ਉਠਾਉਣ ਕਾਰਨ ਪੀੜ੍ਹਤਾਂ ਉਤੇ ਹੀ ਪੁਲਿਸ ਵਲੋਂ ਨਜਾਇਜ਼ ਪਰਚੇ ਦਰਜ ਕਰਕੇ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ। ਕਰੋੜਾਂ ਰੁਪਏ ਹੜੱਪਣ ਵਾਲੇ ਇਸ ਇੰਮਗ੍ਰੇਸ਼ਨ ਏਜੰਟ ਦਾ ਕਾਲਾ ਚਿੱਠਾ ਸਾਹਮਣੇ ਆਇਆ ਹੈ। ਜਿਸ ਖਿਲਾਫ਼ ਪਟਿਆਲਾ ਅਤੇ ਖੰਨਾ ਸ਼ਹਿਰ ਆਦਿ ਵਿਖੇ 250 ਦੇ ਕਰੀਬ ਸ਼ਿਕਾਇਤਾਂ ਦਰਜ ਹਨ ਅਤੇ 31 ਐਫ.ਆਈ.ਆਰ. ਦਰਜ ਹੋਣ ਦੇ ਬਾਵਜੂਦ ਉਹ ਸ਼ਰ੍ਹੇਆਮ ਆਜ਼ਾਦ ਘੁੰਮ ਰਿਹਾ ਹੈ ਅਤੇ ਪੁਲਿਸ ਵੀ ਉਸਦਾ ਬਚਾਅ ਕਰਦੀ ਨਜ਼ਰ ਆ ਰਹੀ ਹੈ। ਪੀੜ੍ਹਤਾਂ ਵੱਲੋਂ ਮੁੱਖ ਮੰਤਰੀ ਅਵਾਸ ਬੈਠੇ ਓਐਸਡੀ ਅਤੇ ਡੀਜੀਪੀ ਪੰਜਾਬ ਨੂੰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਇਨਸਾਫ ਨਹੀਂ ਮਿਲ ਰਿਹਾ।

ਅਜਿਹਾ ਇਕ ਮਾਮਲਾ ਅੱਜ ਮੋਹਾਲੀ ਪ੍ਰੈਸ ਕਲੱਬ ਵਿਚ ਮੀਡੀਆ ਦੇ ਮੁਖਾਤਿਬ ਹੋਏ ਪੀੜ੍ਹਤ ਅੰਮ੍ਰਿਤਪਾਲ ਸਿੰਘ, ਅੰਗਦਪਾਲ ਸਿੰਘ ਅਤੇ ਕਮਲਪ੍ਰੀਤ ਕੌਰ ਆਦਿ ਨੇ ਬਿਆਨ ਕਰਦਿਆਂ ਦੱਸਿਆ ਕਿ ਪੁਲਿਸ ਦੀ ਕਥਿਤ ਸ਼ਹਿ ‘ਤੇ ਗੁਰਪ੍ਰੀਤ ਸਿੰਘ ਬੈਨੀਪਾਲ, ਜੋ ਕਿ ਜਾਅਲੀ ਨਾਮਾਂ ਹੇਠ ਵੱਖ-ਵੱਖ ਸ਼ਹਿਰਾਂ ਵਿਚ ਆਪਣੀਆਂ ਨਜਾਇਜ਼ ਤੌਰ ‘ਤੇ ਕੰਪਨੀਆਂ ਚਲਾ ਰਿਹਾ ਹੈ ਅਤੇ ਭੋਲੇ ਭਾਲੇ ਲੋਕਾਂ ਤੋਂ ਕਰੋੜਾਂ ਰੁਪਿਆ ਠੱਗ ਕੇ ਆਪਣੀਆਂ ਨਜਾਇਜ਼ ਜਾਇਦਾਦਾਂ ਬਣਾ ਚੁੱਕਾ ਹੈ। ਗੁਰਪ੍ਰੀਤ ਬੈਨੀਪਾਲ ਦੀਆਂ ਜ਼ਿਆਦਤੀਆਂ ਅਤੇ ਆਮ ਲੋਕਾਂ ਨਾਲ ਮਾਰੀਆਂ ਠੱਗੀਆਂ ਖਿ਼ਲਾਫ਼ ਜਦੋਂ ਆਵਾਜ਼ ਚੁੱਕੀ ਤਾਂ ਉਹਨਾਂ ਖਿਲਾਫ਼ ਵੱਖ-ਵੱਖ ਸ਼ਹਿਰਾਂ ਵਿਚ ਕਥਿਤ ਤੌਰ ‘ਤੇ ਨਜਾਇਜ਼ ਪਰਚੇ ਦਰਜ ਕਰਵਾ ਦਿੱਤੇ ਅਤੇ ਉਹਨਾਂ ਨੂੰ ਬਿਨਾਂ ਕਿਸੇ ਦੋਸ਼ ਦੇ ਜੇਲ੍ਹ ਵੀ ਕੱਟਣੀ ਪਈ। ਉਹਨਾਂ ਦੱਸਿਆ ਕਿ ਗੁਰਪ੍ਰੀਤ ਬੈਨੀਪਾਲ ਖਿ਼ਲਾਫ਼ ਜੇਕਰ ਕੋਈ ਵੀ ਆਵਾਜ਼ ਚੁੱਕਣ ਦੀ ਹਿੰਮਤ ਕਰਦਾ ਹੈ ਤਾਂ ਉਹ ਉਹਨਾਂ ਨੂੰ ਝੂਠੇ ਪੁਲਿਸ ਕੇਸਾਂ ਵਿਚ ਫਸਾ ਦਿੰਦਾ ਹੈ। ਪੁਲਿਸ ਅਤੇ ਪ੍ਰਸ਼ਾਸਨ ਦੀ ਸ਼ਹਿ ਨਾਲ ਚੱਲਣ ਵਾਲਾ, ਇਹ ਇੰਮੀਗ੍ਰੇਸ਼ਨ ਏਜੰਟ ਨੇ ਪਟਿਆਲਾ, ਖੰਨਾ ਅਤੇ ਚੰਡੀਗੜ੍ਹ ਆਦਿ ਵਿਖੇ ਆਪਣੀਆਂ ਵੱਖ ਵੱਖ ਕੰਪਨੀਆਂ ਰਾਹੀਂ ਆਮ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਆਪਣੀਆਂ ਜੇਬਾਂ ਭਰ ਰਿਹਾ ਹੈ।

ਅੰਮ੍ਰਿਤਪਾਲ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਕਤ ਏਜੰਟ ਵਲੋਂ ਐਫਆਈਆਰ ਨੰ: 264 ਥਾਣਾ ਤ੍ਰਿਪੜੀ, ਪਟਿਆਲਾ ਦਰਜ ਹੋਣ ਦੇ ਬਾਵਜੂਦ ਅਗਸਤ 2023 ਨੂੰ ਮੇਰੇ ਘਰ ਵਿਚ ਗ਼ੈਰਕਾਨੂੰਨੀ ਢੰਗ ਨਾਲ ਜਿੰਦਰੇ ਤੋੜ ਕੇ ਅੰਦਰ ਵੜੇ ਅਤੇ ਮੇਰੇ ਵੱਲੋਂ ਪ੍ਰੈਸ ਅੱਗੇ ਇਸਦੀ ਅਸਲੀਅਤ ਬਿਆਨ ਕਰਨ ਉਪਰੰਤ ਇਸ ਵਲੋਂ ਮੇਰੇ ਖਿ਼ਲਾਫ਼ ਇਕ ਨਜਾਇਜ਼ ਪਰਚਾ ਦਰਜ ਕਰਵਾ ਕੇ ਮੈਨੂੰ 14 ਮਹੀਨੇ ਜੇਲ੍ਹ ਕੱਟਣੀ ਪਈ। ਪਰੰਤੂ ਇਸ
ਉਪਰ ਕਰੀਬ 31 ਐਫਆਈਆਰ ਦਰਜ ਹੋਣ ਦੇ ਬਾਜਵੂਦ ਇਹ ਇੰਮੀਗ੍ਰੇਸ਼ਨ ਏਜੰਟ ਖੁੱਲ੍ਹੇਆਮ ਘੁੰਮ ਰਿਹਾ ਹੈ ਅਤੇ ਪਟਿਆਲਾ ਪੁਲਿਸ ਵਲੋਂ ਇਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਅੰਮ੍ਰਿਤਪਾਲ ਨੇ ਦੱਸਿਆ ਕਿ ਉਸ ਵੱਲੋਂ ਮੁੱਖ ਮੰਤਰੀ ਸਾਹਿਬ ਦੇ ਓ.ਐਸ.ਡੀ. ਨਵਰਾਜ ਬਰਾੜ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਵੀ ਇਸ ਮਾਮਲੇ ਬਾਰੇ ਪਹਿਲਾਂ ਹੀ ਜਾਣਕਾਰੀ ਹੋਣ ਦੇ ਬਾਵਜੂਦ ਮਾਮਲਾ ਉਥੇ ਹੀ ਖੜ੍ਹਾ ਹੈ।

ਉਪਰੋਕਤ ਪੀੜ੍ਹਤਾਂ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ, ਡੀਜੀਪੀ ਪੰਜਾਬ ਤੋਂ ਇਸ ਕੇਸ ਵਿਚ ਨਿੱਜੀ ਦਿਲਚਸਪੀ ਲੈ ਕੇ ਇਸ ਠੱਗ ਇੰਮੀਗ੍ਰੇਸ਼ਨ ਏਜੰਟ ਗੁਰਪ੍ਰੀਤ ਸਿੰਘ ਬੈਨੀਪਾਲ ਖਿਲਾਫ਼ ਤੁਰੰਤ ਕਾਰਵਾਈ ਕਰਨ ਅਤੇ ਉਹਨਾਂ ਨੂੰ ਜਲਦ ਇਨਸਾਫ ਦਿਵਾਉਣ ਦੀ ਅਪੀਲ ਕੀਤੀ ਹੈ।

ਕੀ ਕਹਿਣਾ ਗੁਰਪ੍ਰੀਤ ਸਿੰਘ ਬੈਨੀਪਾਲ ਦਾ: ਜਦੋਂ ਇਸ ਸਬੰਧੀ ਇੰਮੀਗ੍ਰੇਸ਼ਨ ਏਜੰਟ ਗੁਰਪ੍ਰੀਤ ਸਿੰਘ ਬੈਨੀਪਾਲ ਨਾਲ ਫੋਨ ਉਤੇ ਗੱਲਬਾਤ ਕੀਤੀ ਗਈ ਤਾਂ ਉਸਨੇ ਉਪਰੋਕਤ ਦੋਸ਼ਾਂ ਨੂੰ ਨਕਾਰਦਿਆਂ, – ਕਿਹਾ ਕਿ ਉਸ ਖਿਲਾਫ਼ ਸਿਰਫ਼ 2 ਐਫਆਈਆਰ ਦਰਜ ਸਨ, ਜਿਨ੍ਹਾਂ ਵਿਚ ਉਸ ਨੂੰ ਜ਼ਮਾਨਤ ਮਿਲੀ ਹੋਈ ਹੈ। ਬੈਨੀਪਾਲ ਨੇ ਉਸ ਖਿਲਾਫ਼ ਕਰੀਬ 31 ਦਰਜ ਕੇਸਾਂ ਨੂੰ ਝੂਠਾ ਤੇ ਬੇਬੁਨਿਆਦ ਦੱਸਿਆ। ਬੈਨੀਪਾਲ ਨੇ ਕਿਹਾ ਕਿ ਮੇਰਾ ਇਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ, ਇਹ ਜਾਣ ਬੁੱਝ ਕੇ ਮੈਨੂੰ ਬਦਨਾਮ ਕਰ ਰਹੇ ਹਨ।

You might also like

Comments are closed.

Join WhatsApp Group