ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 26 ਕੈਡਿਟਾਂ ਨੇ ਐਨ.ਡੀ.ਏ. ਲਿਖਤੀ ਪ੍ਰੀਖਿਆ ਕੀਤੀ ਪਾਸ
ਅਮਨ ਅਰੋੜਾ ਵੱਲੋਂ ਕੈਡਿਟਾਂ ਨੂੰ ਵਧਾਈ ਅਤੇ ਭਵਿੱਖ ਲਈ ਦਿੱਤੀਆਂ ਸ਼ੁਭਕਾਮਨਾਵਾਂ
ਚੰਡੀਗੜ੍ਹ/ਮੋਹਾਲੀ : ਸੂਬੇ ਦਾ ਮਾਣ ਵਧਾਉਂਦਿਆਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ. ਨਗਰ (ਮੁਹਾਲੀ) ਦੇ 26 ਕੈਡਿਟਾਂ ਨੇ ਐਨ.ਡੀ.ਏ.-155 ਕੋਰਸ ਲਈ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) (1) ਲਿਖਤੀ ਪ੍ਰੀਖਿਆ ਪਾਸ ਕਰਕੇ ਸ਼ਾਨਦਾਰ ਉਪਲੱਬਧੀ ਹਾਸਲ ਕੀਤੀ ਹੈ। ਯੂ.ਪੀ.ਐਸ.ਸੀ. ਵੱਲੋਂ ਕੱਲ੍ਹ ਸ਼ਾਮ ਨੂੰ ਨਤੀਜਾ ਐਲਾਨਿਆ ਗਿਆ ਸੀ। ਇਹ ਕੋਰਸ ਦਸੰਬਰ 2025 ਵਿੱਚ ਸ਼ੁਰੂ ਹੋਵੇਗਾ। ਇਸ ਸੰਸਥਾ ਦੇ 34 ਕੈਡਿਟਾਂ ਨੇ ਐਨ.ਡੀ.ਏ. 1 ਲਿਖਤੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 26 ਕੈਡਿਟਾਂ ਨੇ ਸਫਲਤਾਪੂਰਵਕ ਪ੍ਰੀਖਿਆ ਪਾਸ ਕੀਤੀ ਹੈ। ਇਨ੍ਹਾਂ ਵਿੱਚੋਂ ਅੱਠ ਕੈਡਿਟ ਪਹਿਲਾਂ ਹੀ ਐਨ.ਡੀ.ਏ.-154 ਕੋਰਸ ਲਈ ਮੈਰਿਟ ਸੂਚੀ ਵਿੱਚ ਹਨ ਅਤੇ ਆਪਣੇ ਕਾਲ-ਅੱਪ ਲੈਟਰਾਂ ਦੀ ਉਡੀਕ ਕਰ ਰਹੇ ਹਨ। ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ 26 ਕੈਡਿਟਾਂ ਵਿੱਚ ਅਭੈ ਪ੍ਰਤਾਪ ਸਿੰਘ ਢਿੱਲੋਂ, ਵਿਸ਼ਵਰੂਪ ਸਿੰਘ ਗਰੇਵਾਲ, ਅਗਮਜੀਤ ਸਿੰਘ ਵਿਰਕ, ਪਰਮਦੀਪ ਸਿੰਘ, ਅਪਾਰਦੀਪ ਸਿੰਘ ਸਾਹਨੀ, ਖੁਸ਼ਪ੍ਰੀਤ ਸਿੰਘ, ਮਾਨਵ ਗੋਇਲ, ਸਮਰਥ, ਭਾਸਕਰ ਜੈਨ, ਲਵਿਸ਼, ਹਿਰਦੇਸ਼ ਅਰੋੜਾ, ਅਰਨਵ ਸ਼ਰਮਾ, ਹਰਕੰਵਲ ਸਿੰਘ, ਉਦੈਬੀਰ ਸਿੰਘ ਨੰਦਾ, ਮਨਨੂਰਪ੍ਰੀਤ ਸਿੰਘ, ਗੁਰਨੂਰ ਸਿੰਘ, ਗੁਰਕੀਰਤ ਸਿੰਘ, ਅਨਹਦ ਸਿੰਘ ਖਟੂਮਰੀਆ, ਪ੍ਰਜਵੀਰ ਸਿੰਘ, ਦਿਵਾਂਸ਼ੂ ਸੰਧੂ, ਨਿਰਬਿਖ ਸਿੰਘ ਭਰਾਰਾ, ਰਿਤਿਸ਼ ਅਰੋੜਾ, ਇਸ਼ਮੀਤ ਸਿੰਘ, ਰੇਹਾਨ ਯਾਦਵ, ਹੁਸਨਪ੍ਰੀਤ ਸਿੰਘ ਅਤੇ ਹਿਮਾਂਸ਼ੂ ਰਿਸ਼ੀ ਸ਼ਾਮਲ ਹਨ।
ਕੈਡਿਟਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ, “ਇਹ ਕੈਡਿਟ ਪੰਜਾਬ ਦਾ ਮਾਣ ਹਨ। ਮੈਂ ਉਨ੍ਹਾਂ ਨੂੰ ਆਉਣ ਵਾਲੇ ਐਸ.ਐਸ.ਬੀ. ਇੰਟਰਵਿਊ ਅਤੇ ਸਿਖਲਾਈ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।”
ਐਨਡੀਏ ਪ੍ਰੀਖਿਆ ਦੇ ਨਤੀਜਿਆਂ ‘ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ, ਵੀ.ਐਸ.ਐਮ., ਨੇ ਕਿਹਾ ਕਿ ਇਹ ਕੈਡਿਟ ਜਲਦ ਹੀ ਆਪਣਾ ਐਸ.ਐਸ.ਬੀ. ਇੰਟਰਵਿਊ ਦੇਣਗੇ। ਉਨ੍ਹਾਂ ਦੱਸਿਆ ਕਿ ਸੰਸਥਾ ਦੇ 11 ਕੈਡਿਟ ਮਈ ਦੇ ਅੰਤ ਵਿੱਚ ਐਨ.ਡੀ.ਏ. ਤੋਂ ਗ੍ਰੈਜੂਏਟ ਹੋ ਜਾਣਗੇ, ਜਦੋਂਕਿ ਸਿਖਲਾਈ ਅਧੀਨ ਅੱਠ ਕੈਡਿਟ ਮਈ ਦੇ ਅੰਤ ਵਿੱਚ/ਜੂਨ 2025 ਦੇ ਸ਼ੁਰੂ ਵਿੱਚ ਕਮਿਸ਼ਨ ਹੋਣਗੇ। ਇਸ ਸੰਸਥਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 170 ਕੈਡਿਟ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਬਣੇ ਹਨ। (ਸੰਕੇਤਿਕ ਮੁੱਖ ਤਸਵੀਰ)
Discover more from News On Radar India
Subscribe to get the latest posts sent to your email.