ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 20 ਕੈਡਿਟ ਐਨ.ਡੀ.ਏ. ਅਤੇ ਟੀ.ਈ.ਐਸ. ਦੀ ਮੈਰਿਟ ਸੂਚੀ 'ਚ ਸ਼ਾਮਿਲ - News On Radar India
News around you

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 20 ਕੈਡਿਟ ਐਨ.ਡੀ.ਏ. ਅਤੇ ਟੀ.ਈ.ਐਸ. ਦੀ ਮੈਰਿਟ ਸੂਚੀ ‘ਚ ਸ਼ਾਮਿਲ

ਐਨ.ਡੀ.ਏ. ਮੈਰਿਟ ਸੂਚੀ ਵਿੱਚ ਚੋਟੀ ਦਾ ਸਥਾਨ ਹਾਸਲ ਕਰਨ ਵਾਲੇ ਅਰਮਾਨਪ੍ਰੀਤ ਸਿੰਘ ਸਮੇਤ ਮਾਣਮੱਤੀਆਂ ਪ੍ਰਾਪਤੀਆਂ ਕਰਨ ਵਾਲੇ ਦਸ ਕੈਡਿਟਾਂ ਦਾ ਸਨਮਾਨ

100

ਐਸ.ਏ.ਐਸ. ਨਗਰ/ ਚੰਡੀਗੜ੍ਹ, : ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐੱਮ.ਆਰ.ਐੱਸ.ਏ.ਐਫ.ਪੀ.ਆਈ.) ਵੱਲੋਂ ਆਪਣੇ ਕੈਡਿਟਾਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਇੱਥੇ ਇੰਸਟੀਚਿਊਟ ਦੇ ਕੈਂਪਸ ਵਿਖੇ ਇਕ ਸ਼ਾਨਦਾਰ ਸਨਮਾਨ ਸਮਾਰੋਹ ਕਰਵਾਇਆ ਗਿਆ। ਸੰਸਥਾ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਐਨ.ਡੀ.ਏ./ਟੀ.ਈ.ਐਸ. ਲਈ ਆਲ-ਇੰਡੀਆ ਮੈਰਿਟ ਸੂਚੀ ਵਿੱਚ ਇਸ ਸਾਲ ਸੰਸਥਾ ਦੇ ਸਭ ਤੋਂ ਵੱਧ ਕੈਡਿਟ ਆਏ ਹਨ।

ਐਨ.ਡੀ.ਏ. ਲਈ ਆਲ-ਇੰਡੀਆ ਆਰਡਰ ਆਫ਼ ਮੈਰਿਟ ਵਿੱਚ ਪਹਿਲਾ ਰੈਂਕ ਹਾਸਲ ਕਰਨ ਵਾਲੇ ਕੈਡਿਟ ਅਰਮਾਨਪ੍ਰੀਤ ਸਿੰਘ ਅਤੇ ਟੈਕਨੀਕਲ ਐਂਟਰੀ ਸਕੀਮ (ਟੀ.ਈ.ਐਸ.) ਲਈ ਆਲ-ਇੰਡੀਆ ਆਰਡਰ ਆਫ਼ ਮੈਰਿਟ ਵਿੱਚ ਦੂਜਾ ਰੈਂਕ ਹਾਸਲ ਕਰਨ ਵਾਲੇ ਕਰਮਨ ਸਿੰਘ ਤਲਵਾੜ ਸਮੇਤ 12ਵੇਂ ਕੋਰਸ ਦੇ ਦਸ ਕੈਡਿਟਾਂ ਦਾ ਸਨਮਾਨ ਕੀਤਾ ਗਿਆ। ਇਹਨਾਂ ਕੈਡਿਟਾਂ ਨੂੰ ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ ਦੀ ਅਗਵਾਈ ਵਿੱਚ ਫੈਕਲਟੀ ਤੋਂ ਇਲਾਵਾ ਸ਼ੈਮਰੌਕ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਸ੍ਰੀ ਅਮਰਜੀਤ ਬਾਜਵਾ, ਇਸ ਸਕੂਲ ਦੇ ਪ੍ਰਿੰਸੀਪਲ ਪ੍ਰਨੀਤ ਸੋਹਲ ਅਤੇ ਇੰਪੈਕਟ ਐਜੂਕੇਸ਼ਨਲ ਸਰਵਿਸਿਜ਼ ਦੇ ਕਰਨਲ (ਸੇਵਾਮੁਕਤ) ਪਿਊਸ਼ ਬਹੁਗੁਣਾ ਵੱਲੋਂ ਸਨਮਾਨਿਤ ਕੀਤਾ ਗਿਆ।

ਅਪ੍ਰੈਲ 2024 ਵਿੱਚ ਐਨ.ਡੀ.ਏ. ਲਈ ਦਾਖਲਾ ਪ੍ਰੀਖਿਆ ਹੋਈ ਸੀ। ਦੇਸ਼ ਭਰ ‘ਚੋਂ ਲਗਭਗ 6 ਲੱਖ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ। ਪ੍ਰੀਖਿਆ ਵਿੱਚ ਸਫ਼ਲ ਰਹਿਣ ਵਾਲੇ ਉਮੀਦਵਾਰਾਂ ਨੂੰ ਬਾਅਦ ਵਿੱਚ ਸਰਵਿਸਿਜ਼ ਸਿਲੈਕਸ਼ਨ ਬੋਰਡ (ਐਸ.ਐਸ.ਬੀ.) ਇੰਟਰਵਿਊ ਲਈ ਬੁਲਾਇਆ ਗਿਆ। ਐਨ.ਡੀ.ਏ. ਦਾਖ਼ਲਾ ਪ੍ਰੀਖਿਆ ਅਤੇ ਐਸ.ਐਸ.ਬੀ. ਇੰਟਰਵਿਊ ਵਿੱਚ ਉਮੀਦਵਾਰਾਂ ਦੇ ਪ੍ਰਦਰਸ਼ਨ ਦੇ ਅਧਾਰ ‘ਤੇ ਫਿਰ ਅੰਤਿਮ ਮੈਰਿਟ ਸੂਚੀ ਤਿਆਰ ਕੀਤੀ ਗਈ ਸੀ।
12ਵੇਂ ਕੋਰਸ ਦੇ ਕੈਡਿਟ ਅਰਮਾਨਪ੍ਰੀਤ ਸਿੰਘ ਨੇ ਆਲ ਇੰਡੀਆ ਆਰਡਰ ਆਫ਼ ਮੈਰਿਟ ਵਿੱਚ ਪਹਿਲਾ ਸਥਾਨ ਅਤੇ ਕੈਡਿਟ ਕੇਸ਼ਵ ਸਿੰਗਲਾ ਨੇ ਮੈਰਿਟ ਵਿੱਚ 15ਵਾਂ ਸਥਾਨ ਪ੍ਰਾਪਤ ਕੀਤਾ।ਇਸ ਇੰਸਟੀਚਿਊਟ ਦੇ 24 ਕੈਡਿਟਾਂ ਨੇ ਲਿਖਤੀ ਪ੍ਰੀਖਿਆ ਪਾਸ ਕੀਤੀ ਸੀ, ਜਿਨ੍ਹਾਂ ਵਿੱਚੋਂ 16 ਕੈਡਿਟਾਂ ਨੇ ਐਸ.ਐਸ.ਬੀ. ਇੰਟਰਵਿਊ ਸਫ਼ਲਤਾਪੂਰਵਕ ਪਾਸ ਕਰਕੇ ਮੈਰਿਟ ਸੂਚੀ ਵਿੱਚ ਥਾਂ ਬਣਾਈ।

ਟੈਕਨੀਕਲ ਐਂਟਰੀ ਸਕੀਮ (ਟੀ.ਈ.ਐਸ.)-52 ਕੋਰਸ ਦੀ ਮੈਰਿਟ ਸੂਚੀ ਦਾ ਐਲਾਨ ਵੀ ਹਾਲ ਹੀ ਵਿੱਚ ਹੋਇਆ ਸੀ, ਜਿਸ ਵਿੱਚ 12ਵੇਂ ਕੋਰਸ ਦੇ ਕੈਡਿਟ ਕਰਮਨ ਸਿੰਘ ਤਲਵਾੜ ਨੇ ਆਲ-ਇੰਡੀਆ ਮੈਰਿਟ ਵਿੱਚ ਦੂਜਾ ਰੈਂਕ ਪ੍ਰਾਪਤ ਕੀਤਾ। ਕਰਮਨ ਤੋਂ ਇਲਾਵਾ ਐਸ.ਐਸ.ਬੀ. ਲਈ ਸੰਸਥਾ ਦੇ ਤਿੰਨ ਹੋਰ ਕੈਡਿਟਾਂ ਨੇ ਵੀ ਮੈਰਿਟ ਸੂਚੀ ਵਿੱਚ ਆਪਣਾ ਸਥਾਨ ਹਾਸਲ ਕੀਤਾ।

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕੈਡਿਟਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੱਖਿਆ ਸੇਵਾਵਾਂ ਵਿੱਚ ਅਫਸਰ ਵਜੋਂ ਕਰੀਅਰ ਬਣਾਉਣ ਦੀ ਇੱਛਾ ਰੱਖਣ ਵਾਲੇ ਸੂਬੇ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ।
ਐਮ.ਆਰ.ਐਸ.ਏ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀ.ਐਸ.ਐਮ., ਨੇ ਦੱਸਿਆ ਕਿ ਸੰਸਥਾ ਦੇ 7ਵੇਂ ਅਤੇ 8ਵੇਂ ਕੋਰਸਾਂ ਦੇ 09 ਕੈਡਿਟ, ਜੋ ਇਸ ਸਮੇਂ ਆਈ.ਐਮ.ਏ. ਅਤੇ ਏ.ਐਫ.ਏ. ਵਿੱਚ ਸਿਖਲਾਈ ਅਧੀਨ ਹਨ, ਇਸ ਸਾਲ ਦਸੰਬਰ ਵਿੱਚ ਭਾਰਤੀ ਫ਼ੌਜ ਅਤੇ ਭਾਰਤੀ ਹਵਾਈ ਸੈਨਾ ਵਿੱਚ ਗਜ਼ਟਿਡ ਅਫ਼ਸਰ ਵਜੋਂ ਕਮਿਸ਼ਨ ਹਾਸਲ ਕਰਨਗੇ। ਉਨ੍ਹਾਂ ਦੱਸਿਆ ਕਿ ਇੰਸਟੀਚਿਊਟ ਦੇ 15ਵੇਂ ਕੋਰਸ ਲਈ ਦਾਖ਼ਲਾ ਪ੍ਰਕਿਰਿਆ ਜਲਦ ਹੀ ਸ਼ੁਰੂ ਹੋ ਜਾਵੇਗੀ ਅਤੇ ਦਾਖ਼ਲਾ ਪ੍ਰੀਖਿਆ ਦੀ ਮਿਤੀ ਦਾ ਐਲਾਨ ਬਹੁਤ ਜਲਦੀ ਕੀਤਾ ਜਾਵੇਗਾ।                                                                             (ਡੀ ਪੀ ਆਰ ਦੇ ਇੰਪੁੱਟ ਨਾਲ)

You might also like

Comments are closed.