ਪੰਜਾਬ ਦਾ ਪਹਿਲਾ ਘੋੜਸਵਾਰੀ ਉਤਸਵ: ਐਸ.ਏ.ਐਸ. ਨਗਰ ਜ਼ਿਲ੍ਹੇ ਨੇ ਮੇਜ਼ਬਾਨੀ ਸਫ਼ਲ ਬਣਾਉਣ ਲਈ ਕਮਰ ਕਸੀ  - News On Radar India
News around you

ਪੰਜਾਬ ਦਾ ਪਹਿਲਾ ਘੋੜਸਵਾਰੀ ਉਤਸਵ: ਐਸ.ਏ.ਐਸ. ਨਗਰ ਜ਼ਿਲ੍ਹੇ ਨੇ ਮੇਜ਼ਬਾਨੀ ਸਫ਼ਲ ਬਣਾਉਣ ਲਈ ਕਮਰ ਕਸੀ 

ਹਾਰਸ ਜੰਪਿੰਗ, ਮਾਰਵਾੜੀ ਅਤੇ ਨੁਕਰਾ ਨਸਲਾਂ ਦੇ ਰਿੰਗ ਮੁਕਾਬਲੇ, ਟੈਂਟ ਪੈਗਿੰਗ, ਹੈਰੀਟੇਜ ਫੈਸ਼ਨ ਸ਼ੋਅ, ਸੱਭਿਆਚਾਰਕ ਸਮਾਗਮ ਅਤੇ ਮਾਹਿਰ ਟਾਕ ਸ਼ੋਅ ਹੋਣਗੇ ਸਮਾਗਮ ਦਾ ਹਿੱਸਾ 

103
 ਐਸ.ਏ.ਐਸ.ਨਗਰ:  ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਵੱਲੋਂ 1 ਅਤੇ 2 ਮਾਰਚ ਨੂੰ ਕਰਵਾਏ ਜਾਣ ਵਾਲੇ ਪੰਜਾਬ ਦੇ ਪਹਿਲੇ ਘੋੜਸਵਾਰੀ ਉਤਸਵ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ.ਨਗਰ ਨੇ ਪੂਰੀ ਤਿਆਰੀ ਖਿੱਚ ਲਈ ਹੈ।   ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਹ ਸਮਾਗਮ, ਦ ਰੈਂਚ, ਫੋਰੈਸਟ ਹਿੱਲ, ਕਰੋਰਾਂ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।  ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਤਿਆਰੀ ਮੀਟਿੰਗਾਂ ਕਰਨ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਕੱਲ੍ਹ ਸਮਾਗਮ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਜ਼ਮੀਨੀ ਪੱਧਰ ‘ਤੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ।         ਉਨ੍ਹਾਂ ਦੱਸਿਆ ਕਿ ਦੋ ਦਿਨ ਚੱਲਣ ਵਾਲੇ ਇਸ ਉਤਸਵ ਵਿੱਚ ਕਈ ਈਵੈਂਟ ਜਿਵੇਂ ਕਿ ਹਾਰਸ ਜੰਪਿੰਗ, ਮਾਰਵਾੜੀ ਅਤੇ ਨੁਕਰਾ ਘੋੜਿਆਂ ਦੇ ਰਿੰਗ ਮੁਕਾਬਲੇ, ਟੈਂਟ ਪੈਗਿੰਗ, ਸਾਰੀਆਂ ਨਸਲਾਂ ਦੇ ਘੋੜਿਆਂ ਦੀ ਪ੍ਰਦਰਸ਼ਨੀ, ਹੈਰੀਟੇਜ ਫੈਸ਼ਨ ਸ਼ੋਅ, ਸੱਭਿਆਚਾਰਕ ਸਮਾਗਮ, ਭੋਜਨ ਸਟਾਲ ਅਤੇ ਖਰੀਦਦਾਰੀ ਪ੍ਰਦਰਸ਼ਨੀਆਂ ਅਤੇ ਮਾਹਿਰ ਟਾਕ ਸ਼ੋਅ ਹੋਣਗੇ। ਸਮਾਂ ਰੋਜ਼ਾਨਾ ਸਵੇਰੇ 8:00 ਵਜੇ ਤੋਂ ਸ਼ਾਮ 7:00 ਵਜੇ ਤੱਕ ਹੋਵੇਗਾ।  ਏ.ਡੀ.ਸੀ. ਸੋਨਮ ਚੌਧਰੀ ਨੇ ਦੱਸਿਆ ਕਿ ਘੋੜਸਵਾਰੀ ਮੇਲੇ ਦੌਰਾਨ ਸੂਬੇ ਅਤੇ ਦੇਸ਼ ਭਰ ਦੇ ਨਾਮਵਰ ਸਟੱਡ ਫਾਰਮਾਂ ਅਤੇ ਕਲੱਬਾਂ ਦੇ ਘੋੜੇ ਭਾਗ ਲੈਣਗੇ।  ਉਨ੍ਹਾਂ ਕਿਹਾ ਕਿ ਸੂਬੇ ਦੇ ਪਹਿਲੇ ਘੋੜਸਵਾਰ ਉਤਸਵ ਦੀਆਂ ਤਿਆਰੀਆਂ ਜ਼ੋਰਾਂ ‘ਤੇ ਚਲ ਰਹੀਆਂ ਹਨ ਅਤੇ ਮੇਲੇ ਨੂੰ ਸਫਲ ਬਣਾਉਣ ਲਈ ਵੱਖ-ਵੱਖ ਵਿਭਾਗਾਂ ਨੂੰ ਨਾਲ ਲਿਆ ਗਿਆ ਹੈ। ਇਸ ਤੋਂ ਇਲਾਵਾ ਪੇਸ਼ੇਵਰ ਘੋੜਸਵਾਰੀ ਮੁਕਾਬਲਿਆਂ ਦੇ ਪ੍ਰਬੰਧਕ ਵੀ ਨਾਲ ਸ਼ਾਮਿਲ ਕੀਤੇ ਗਏ ਹਨ ਤਾਂ ਜੋ ਸਮਾਗਮ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਹੋ ਸਕਣ। ਉਨ੍ਹਾਂ ਇਸ ਮੌਕੇ  ਦ ਰੈਂਚ, ਫੋਰੈਸਟ ਹਿੱਲ ਦੇ ਪ੍ਰਬੰਧਕਾਂ ਦੀਪਿੰਦਰ ਸਿੰਘ ਬਰਾੜ ਅਤੇ ਹਰਜਿੰਦਰ ਸਿੰਘ ਖੋਸਾ ਨਾਲ ਪ੍ਰਬੰਧਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਵੀ ਕੀਤਾ। (ਡੀ.ਪੀ.ਆਰ.ਓ. ਦੇ ਇੰਪੁੱਟ ਨਾਲ)

Comments are closed.

Join WhatsApp Group