ਡੀ ਸੀ ਕੋਮਲ ਮਿੱਤਲ ਨੇ ਸੁਤੰਤਰਤਾ ਦਿਵਸ ਦੀ ਤਿਆਰੀ ਲਈ ਅਧਿਕਾਰੀਆਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ
ਸਰਕਾਰੀ ਕਾਲਜ ਮੋਹਾਲੀ ਵਿਖੇ ਮਨਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜਾ; ਫੁੱਲ ਡਰੈਸ ਰਿਹਰਸਲ 13 ਅਗਸਤ ਨੂੰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਵੱਲੋਂ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਜੋ ਕਿ 15 ਅਗਸਤ, 2025 ਮੌਕੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਦੀ ਗਰਾਊਂਡ ਵਿੱਚ ਮਨਾਇਆ ਜਾ ਰਿਹਾ ਹੈ, ਦੀ ਤਿਆਰੀ ਲਈ ਅੱਜ ਇੱਕ ਮੀਟਿੰਗ ਕਰਕੇ ਜ਼ਿਲ੍ਹਾ ਅਧਿਕਾਰੀਆਂ ਨੂੰ ਡਿਊਟੀਆਂ ਅਤੇ ਜ਼ਿੰਮੇਵਾਰੀਆਂ ਸੌਂਪੀਆਂ।
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐੱਸ ਏ ਐੱਸ ਨਗਰ, ਮੋਹਾਲੀ ਵਿਖੇ ਮੀਟਿੰਗ ਦੌਰਾਨ ਉਹਨਾਂ ਨੇ ਮਾਰਚ ਪਾਸਟ, ਆਉਣ ਵਾਲੇ ਮਹਿਮਾਨਾਂ ਦੇ ਵਾਹਨਾਂ ਦੀ ਪਾਰਕਿੰਗ, ਝਾਕੀਆਂ ਅਤੇ ਸੱਭਿਆਚਾਰਕ ਪ੍ਰੋਗਰਾਮ ਲਈ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਵਧੀਕ ਡਿਪਟੀ ਕਮਿਸ਼ਨਰ (ਜਨਰਲ), ਐਸ.ਡੀ.ਐਮ. ਮੋਹਾਲੀ ਅਤੇ ਜ਼ਿਲ੍ਹਾ ਪੁਲਿਸ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਰਿਹਰਸਲਾਂ ਅਤੇ ਪ੍ਰੋਗਰਾਮ ਵਾਲੇ ਦਿਨ ਲਈ ਮੈਡੀਕਲ ਟੀਮਾਂ ਸਮੇਤ ਮਹਿਲਾ ਡਾਕਟਰ ਤਾਇਨਾਤ ਕਰਨ ਲਈ ਕਿਹਾ। ਖੇਤਰੀ ਟਰਾਂਸਪੋਰਟ ਅਫਸਰ ਨੂੰ ਸਰਕਾਰੀ ਸਕੂਲਾਂ ਦੇ ਸੱਭਿਆਚਾਰਕ ਸਮਾਗਮ ਵਿੱਚ ਭਾਗ ਵਿਦਿਆਰਥੀਆਂ ਲਈ ਅਤੇ ਮੀਡੀਆ ਦੀ ਦਾਰਾ ਸਟੂਡੀਓ ਨੇੜਲੀ ਪਾਰਕਿੰਗ ਤੋਂ ਸਮਾਗਮ ਤੱਕ ਸੁਖ਼ਦ ਆਵਾਜਾਈ ਲਈ ਲੋੜੀਂਦੇ ਵਾਹਨਾਂ ਦਾ ਪ੍ਰਬੰਧ ਕਰਨ ਲਈ ਕਿਹਾ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੀਣ ਵਾਲੇ ਪਾਣੀ ਅਤੇ ਆਰਜ਼ੀ ਵਾਸ਼ ਰੂਮਾਂ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਰਿਹਰਸਲ ਅਤੇ ਪ੍ਰੋਗਰਾਮ ਦੌਰਾਨ ਕਿਸੇ ਨੂੰ ਕੋਈ ਦਿੱਕਤ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫੁੱਲ ਡਰੈੱਸ ਰਿਹਰਸਲ 13 ਅਗਸਤ ਨੂੰ ਹੋਵੇਗੀ, ਜਦੋਂ ਕਿ ਸਟੇਡੀਅਮ ਵਿੱਚ ਸਮਾਗਮ ਤੋਂ ਪਹਿਲਾਂ ਦੀਆਂ ਤਿਆਰੀਆਂ ਦੀ ਡਰਿੱਲ/ਰਿਹਰਸਲ 11 ਅਤੇ 12 ਅਗਸਤ ਨੂੰ ਕੀਤੀ ਜਾਵੇਗੀ। ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਰਿਹਰਸਲ ਤੋਂ ਪਹਿਲਾਂ ਗਰਾਊਂਡ ਦੀ ਸਫ਼ਾਈ ਕਰਨ ਅਤੇ ਰਿਹਰਸਲ ਦੌਰਾਨ ਅਤੇ ਮੁੱਖ ਸਮਾਗਮ ਦੌਰਾਨ ਵਿਦਿਆਰਥੀਆਂ ਲਈ ਬੈਠਣ, ਪੀਣ ਵਾਲੇ ਪਾਣੀ ਅਤੇ ਮੈਡੀਕਲ ਟੀਮ ਦਾ ਪ੍ਰਬੰਧ ਕਰਨ ਲਈ ਵੀ ਕਿਹਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮਾਗਮ ਦੌਰਾਨ ਵਿਸ਼ੇਸ਼ ਸੇਵਾਵਾਂ ਲਈ ਪ੍ਰਸ਼ੰਸਾ ਪੱਤਰ ਪ੍ਰਦਾਨ ਕਰਨ ਲਈ ਅਰਜ਼ੀਆਂ 08 ਅਗਸਤ, 2025 ਤੱਕ ਜਮ੍ਹਾਂ ਕਰਵਾਈਆਂ ਜਾਣ, ਜਿਸ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ।
ਸ਼੍ਰੀਮਤੀ ਕੋਮਲ ਮਿੱਤਲ ਨੇ ਕਿਹਾ ਕਿ ਅਜ਼ਾਦੀ ਘੁਲਾਟੀਆਂ ਨੂੰ ਸਮਾਗਮ ਵਿੱਚ ਉਚੇਚੇ ਤੌਰ ਉੱਤੇ ਸ਼ਿਰਕਤ ਲਈ ਬੁਲਾਇਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਬੈਠਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
ਇਸ ਮੌਕੇ ਕਮਿਸ਼ਨਰ ਮੋਹਾਲੀ ਕਾਰਪੋਰੇਸ਼ਨ ਪਰਮਿੰਦਰ ਪਾਲ ਸਿੰਘ, ਐਮ.ਸੀ. ਮੋਹਾਲੀ, ਪਰਮਿੰਦਰਪਾਲ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੀਤਿਕਾ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੋਧਰੀ, ਐਸ.ਡੀ.ਐਮ, ਮੋਹਾਲੀ ਦਮਨਦੀਪ ਕੌਰ, ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ ਅਤੇ ਹੋਰ ਅਧਿਕਾਰੀ ਹਾਜਰ ਸਨ। (ਡੀ ਪੀ ਆਰ ਦੇ ਇੰਪੁੱਟ ਨਾਲ)