ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਪੰਜਾਬ ਦੇ ਲੋਕਾਂ ਨੂੰ ਕੀਤੀ ਅਪੀਲ-ਆਪਣੇ ਬੱਚਿਆਂ ਦੇ ਭਵਿੱਖ, ਪੰਜਾਬ ਦੀ ਖੁਸ਼ਹਾਲੀ ਅਤੇ ਵਿਕਸਿਤ ਭਾਰਤ ਦੇ ਲਈ ਲੈਣ ਸਹੀ ਫੈਸਲਾ
ਠਗੇ ਹੋਏ ਪੰਜਾਬ ਤੋਂ ਵਿਕਸਿਤ ਅਤੇ ਰੰਗਲਾ ਪੰਜਾਬ ਬਣਾਉਣ ਦਾ ਸਮਾਂ ਆ ਗਿਆ ਹੈ : ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਆਪਣੀ ਗੁਆਚੀ ਹੋਈ ਸ਼ਾਨ ਵਾਪਸ ਹਾਸਲ ਕਰੇ ਅਤੇ ਵਿਕਾਸ, ਸੁਸ਼ਾਸਨ ਤੇ ਰਾਸ਼ਟਰਹਿਤ ਦੀ ਰਾਜਨੀਤੀ ਨੂੰ ਅਪਣਾ ਕੇ ਦੇਸ਼ ਦਾ ਨੰਬਰ ਇੱਕ ਸੂਬਾ ਬਣਨ ਦੀ ਦਿਸ਼ਾ ਵੱਲ ਅੱਗੇ ਵਧੇ।
ਮੁੱਖ ਮੰਤਰੀ ਨੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਸਮੇਤ ਸਾਰੇ ਗੁਰੂ ਸਾਹਿਬਾਨਾਂ, ਸਾਹਿਬਜ਼ਾਦਿਆਂ ਅਤੇ ਮਹਾਂਪੁਰਖਾਂ ਨੂੰ ਨਮਨ ਕਰਦਿਆਂ ਕਿਹਾ ਕਿ ਸ਼੍ਰੀ ਮੁਕਤਸਰ ਸਾਹਿਬ ਦੀ ਇਹ ਪਵਿੱਤਰ ਧਰਤੀ ਚਾਲੀ ਮੁਕਤਿਆਂ, ਭਾਈ ਮਹਾ ਸਿੰਘ ਜੀ ਅਤੇ ਮਾਈ ਭਾਗੋ ਜੀ ਦੀ ਬੇਮਿਸਾਲ ਕੁਰਬਾਨੀ ਦੀ ਗਵਾਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦਾ ਰਿਸ਼ਤਾ ਸਾਂਝੀ ਸੰਸਕ੍ਰਿਤੀ, ਸਾਂਝੀ ਭਾਸ਼ਾ ਅਤੇ ਸਾਂਝੀਆਂ ਭਾਵਨਾਵਾਂ ਦਾ ਰਿਸ਼ਤਾ ਹੈ। ਉਹ ਪੰਜਾਬ ਦੇ ਲੋਕਾਂ ਵਿਚਾਲੇ ਕਿਸੇ ਗੁਆਂਢੀ ਰਾਜ ਦੇ ਮੁੱਖ ਮੰਤਰੀ ਵਜੋਂ ਨਹੀਂ, ਸਗੋਂ ਇੱਕ ਛੋਟੇ ਭਰਾ ਅਤੇ ਸ਼ੁਭਚਿੰਤਕ ਵਜੋਂ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ ਕਾਂਗਰਸ ਅਤੇ ਬਾਅਦ ਵਿੱਚ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ, ਪਰ ਜਨਤਾ ਦੀਆਂ ਉਮੀਦਾਂ ਮੁਤਾਬਕ ਨਤੀਜੇ ਨਹੀਂ ਮਿਲੇ। ਉਨ੍ਹਾਂ ਨੇ ਕਾਂਗਰਸ ‘ਤੇ ਭ੍ਰਿਸ਼ਟਾਚਾਰ, ਪਰਿਵਾਰਵਾਦ ਅਤੇ ਵਿਕਾਸ ਨੂੰ ਰੋਕਣ ਦੇ ਦੋਸ਼ ਲਾਏ, ਜਦੋਂ ਕਿ ਆਮ ਆਦਮੀ ਪਾਰਟੀ ‘ਤੇ ਵਾਅਦਾਖਿਲਾਫੀ ਅਤੇ ਪੰਜਾਬ ਨੂੰ
ਸਿਆਸੀ ਪ੍ਰਯੋਗਸ਼ਾਲਾ ਬਣਾਉਣ ਦਾ ਦੋਸ਼ ਲਗਾਇਆ।
ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਅੱਜ ਪੰਜਾਬ ਦਾ ਹਰ ਵਰਗ ਪੁੱਛ ਰਿਹਾ ਹੈ ਕਿ ਉਹ ਬਦਲਾਅ ਕਿੱਥੇ ਹੈ ਜਿਸਦੀ ਗੱਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਚਾਰ ਸਾਲਾਂ ਬਾਅਦ ਵੀ ਪੂਰਾ ਨਹੀਂ ਹੋਇਆ। ਇਸ ਦੇ ਉਲਟ ਹਰਿਆਣਾ ਸਰਕਾਰ ਨੇ ਦੀਨਦਿਆਲ ਲਾਡੋ ਲਕਸ਼ਮੀ ਯੋਜਨਾ ਤਹਿਤ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਦੀ ਸਹਾਇਤਾ ਦੇਣੀ ਸ਼ੁਰੂ ਕੀਤੀ ਹੈ ਅਤੇ ਕਰੋੜਾਂ ਰੁਪਏ ਦੀ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਹੁੰਚਾਈ ਜਾ ਚੁੱਕੀ ਹੈ।
ਉਨ੍ਹਾਂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਨਸ਼ੇ, ਅਪਰਾਧ, ਗੈਰ-ਕਾਨੂੰਨੀ ਮਾਈਨਿੰਗ, ਵਿੱਤੀ ਕੁਪ੍ਰਬੰਧ ਅਤੇ ਵਿਗੜ ਰਹੀ ਕਾਨੂੰਨ-ਵਿਵਸਥਾ ਨੂੰ ਲੈ ਕੇ ਸਵਾਲ ਚੁੱਕੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਰੁਜ਼ਗਾਰ ਲਈ ਭਟਕ ਰਿਹਾ ਹੈ ਅਤੇ ਹਜ਼ਾਰਾਂ ਨੌਜਵਾਨ ਗੈਰ-ਕਾਨੂੰਨੀ ਰਸਤਿਆਂ ਰਾਹੀਂ ਵਿਦੇਸ਼ ਜਾਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਭ ਤੋਂ ਵੱਡਾ ਸੰਕਟ ਵਧਦਾ ਹੋਇਆ ਨਸ਼ਾ ਹੈ, ਜਿਸ ਨੇ ਕਈ ਪਰਿਵਾਰਾਂ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ।
ਸੈਣੀ ਨੇ ਕਿਹਾ ਕਿ ਪੰਜਾਬ ਵਿੱਚ ਡਰੱਗਜ਼ ਤਸਕਰੀ, ਗੈਂਗਵਾਰ, ਫਿਰੌਤੀ ਅਤੇ ਅਪਰਾਧ ਦੀਆਂ ਘਟਨਾਵਾਂ ਨੇ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਪਾਰੀ, ਉਦਯੋਗਪਤੀ ਅਤੇ ਆਮ ਨਾਗਰਿਕ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ ਅਤੇ ਅਪਰਾਧੀਆਂ ਦੇ ਮਨਾਂ ਵਿੱਚੋਂ ਕਾਨੂੰਨ ਦਾ ਡਰ ਖ਼ਤਮ ਹੁੰਦਾ ਦਿਖਾਈ ਦੇ ਰਿਹਾ ਹੈ।
ਕਿਸਾਨਾਂ ਦੇ ਮੁੱਦੇ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਕਿਸਾਨਾਂ ਦੀਆਂ 24 ਫਸਲਾਂ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ (MSP) ‘ਤੇ ਕਰ ਰਹੀ ਹੈ। ਪਿਛਲੇ 11 ਸੀਜ਼ਨਾਂ ਵਿੱਚ 12 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਐਮ.ਐਸ.ਪੀ. ‘ਤੇ ਫਸਲ ਖਰੀਦ ਦੇ 1.64 ਲੱਖ ਕਰੋੜ ਰੁਪਏ ਸਿੱਧੇ ਉਨ੍ਹਾਂ ਦੇ ਖਾਤਿਆਂ ਵਿੱਚ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਪੰਜਾਬ ਦਾ ਕਿਸਾਨ ਅੱਜ ਵੀ ਆਪਣੇ ਹੱਕਾਂ ਅਤੇ ਚੋਣ ਵਾਅਦਿਆਂ ਲਈ ਸੰਘਰਸ਼ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ “ਸਭਕਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ ਔਰ ਸਭਕਾ ਪ੍ਰਯਾਸ” ਦੇ ਮੰਤਰ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਿਰਫ਼ ਐਲਾਨ ਨਹੀਂ ਕਰਦੀ ਬਲਕਿ ਨਤੀਜੇ ਦਿੰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੇ ਸੰਕਲਪ ਪੱਤਰ ਦੇ 217 ਵਿੱਚੋਂ 66 ਵਾਅਦੇ ਡੇਢ ਸਾਲ ਵਿੱਚ ਪੂਰੇ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਵਾਅਦਿਆਂ ‘ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।
ਸੈਣੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ ਦੇ ਭਵਿੱਖ, ਪੰਜਾਬ ਦੀ ਖੁਸ਼ਹਾਲੀ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਲਈ ਸਹੀ ਫੈਸਲਾ ਲੈਣ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪੰਜਾਬ ਇੱਕ ਵਾਰ ਫਿਰ ਵਿਕਾਸ, ਖੁਸ਼ਹਾਲੀ ਅਤੇ ਮਾਣ-ਸਨਮਾਨ ਦਾ ਨਵਾਂ ਅਧਿਆਏ ਲਿਖੇਗਾ।
ਇਸ ਮੌਕੇ ਪ੍ਰੋਗਰਾਮ ਦੀ ਪ੍ਰਬੰਧਕ ਪਾਰਟੀ ਆਗੂ ਸ਼੍ਰੀਮਤੀ ਮਨਵੀਰ ਕੌਰ ਗਿੱਲ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਤਰੁਣ ਭੰਡਾਰੀ, ਸੂਬਾ ਜਨਰਲ ਸਕੱਤਰ ਸਰਦਾਰ ਦਿਆਲ ਸਿੰਘ ਸੋਢੀ, ਜ਼ਿਲ੍ਹਾ ਪ੍ਰਧਾਨ ਮੁਕਤਸਰ ਸਤੀਸ਼ ਅਸੀਜਾ, ਵਿਧਾਨ ਸਭਾ ਇੰਚਾਰਜ ਰਾਜੇਸ਼ ਪਠੇਲਾ, ਸਾਬਕਾ ਸੰਸਦ ਮੈਂਬਰ ਸਰਦਾਰ ਜਗਮੀਤ ਸਿੰਘ ਬਰਾੜ, ਰਾਹੁਲ ਸਿੱਧੂ, ਪੂਜਾ ਕੱਕੜ, ਬਲਵਿੰਦਰ ਸਿੰਘ ਮਿੰਕਲ, ਗੁਰਚਰਨ ਸਿੰਘ, ਅਮਨਦੀਪ, ਦੇਵਦੱਤ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ। (ਹਰਮਿੰਦਰ ਨਾਗਪਾਲ ਦੀ ਰਿਪੋਰਟ)