ਵਿਧਾਇਕ ਅਨਮੋਲ ਗਗਨ ਮਾਨ ਵੱਲੋਂ ਕੁਰਾਲੀ, ਝਿੰਗੜਾਂ ਅਤੇ ਸੁਹਾਲੀ ਦੇ ਸਕੂਲਾਂ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ
ਉਨ੍ਹਾਂ ਵੱਲੋਂ 54 ਲੱਖ ਰੁਪਏ ਦੇ ਵਿਕਾਸ ਕਾਰਜ ਕੀਤੇ ਵਿਦਿਆਰਥੀਆਂ ਨੂੰ ਸਮਰਪਿਤ
ਕੁਰਾਲੀ (ਐੱਸ.ਏ.ਐੱਸ ਨਗਰ): ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਪੰਜਾਬ ਦੇ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਪਰਾਲੇ ਵੱਜੋਂ ਐਮ ਐਲ ਏ ਅਨਮੋਲ ਗਗਨ ਮਾਨ ਵੱਲੋਂ ਖਰੜ ਹਲਕੇ ਦੇ ਤਿੰਨ ਸਕੂਲਾਂ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਰਕਾਰੀ ਕੰਨਿਆ ਸੀਨੀਅਰ ਸਕੈਡੰਰੀ ਸਮਾਰਟ ਸਕੂਲ ਕੁਰਾਲੀ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝਿੰਗੜਾਂ ਕਲਾਂ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਸੁਹਾਲੀ ਵਿਖੇ ਮੌਜੂਦਾ ਸਰਕਾਰ ਦੇ ਕਾਰਜ ਕਾਲ ਦੌਰਾਨ ਹੋਏ ਵਿਕਾਸ ਦੇ ਕੰਮਾਂ ਦੇ ਉਦਘਾਟਨ ਕੀਤਾ ਗਿਆ।
ਉਨ੍ਹਾਂ ਵੱਲੋਂ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਸਰਕਾਰੀ ਕੰਨਿਆ ਸੀਨੀਅਰ ਸਕੈਡੰਰੀ ਸਮਾਰਟ ਸਕੂਲ ਕੁਰਾਲੀ ਵਿਖੇ ਨਵੀਂ ਲਾਇਬ੍ਰੇਰੀ ਲਈ ਵੱਡਾ ਕਮਰਾ ਜੋ ਕਿ 9,65,000 ਰੁਪਏ, ਨਵਾਂ ਕਲਾਸਰੂਮ 9,55,000 ਰੁਪਏ ਅਤੇ ਸਕੂਲ ਦੀ ਚਾਰ ਦਿਵਾਰੀ ਤੇ ਆਏ 3 ਲੱਖ ਰੁਪਏ (ਕੁੱਲ 22 ਲੱਖ 20 ਹਜ਼ਾਰ) ਰੁਪਏ ਦੀ ਲਾਗਤ ਨਾਲ ਤਿਆਰ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਤੇ ਉਨ੍ਹਾਂ ਸਕੂਲ ਨੂੰ 10 ਲੱਖ ਰੁਪਏ ਦਾ ਬੈਸਟ ਸਕੂਲ ਐਵਾਰਡ ਮਿਲਣ ਤੇ ਵਧਾਈ ਦਿੱਤੀ।
ਇਸ ਉਪਰੰਤ ਹਲਕਾ ਵਿਧਾਇਕ ਮਾਨ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਝਿੰਗੜਾਂ ਕਲਾਂ ਅਤੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਸੁਹਾਲੀ ਵਿਖੇ 30.04 ਲੱਖ ਰੁਪਏ ਦੀ ਲਾਗਤ ਨਾਲ ਦੋਵਾਂ ਸਕੂਲਾਂ ਵਿੱਚ ਬਣੇ ਦੋ-ਦੋ ਨਵੇਂ ਕਮਰਿਆਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਕਮਰਿਆਂ ਵਿੱਚ ਆਧੁਨਿਕ ਸਹੂਲਤਾਂ ਜਿਵੇਂ ਕਿ ਪ੍ਰੋਜੈਕਟਰ ਅਤੇ ਐਲ.ਈ.ਡੀ. ਟੀ.ਵੀ. ਮੁਹੱਈਆ ਕਰਵਾਏ ਗਏ ਹਨ।
ਇਸ ਮੌਕੇ ਤੇ ਬੋਲਦੇ ਹੋਏ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਹਰਜੋਤ ਸਿੰਘ ਬੈਂਸ, ਸਿੱਖਿਆ ਮੰਤਰੀ ਪੰਜਾਬ ਵੱਲੋਂ ਪੰਜਾਬ ਨੂੰ ਹਰ ਪੱਖੋਂ ਵਿਕਸਿਤ ਕਰਨ ਲਈ ਵੱਖ- ਵੱਖ ਨਵੇਂ ਉਪਰਾਲੇ ਕੀਤੇ ਜਾ ਰਹੇ। ਇਸੇ ਤਹਿਤ ਹੀ ਉਨ੍ਹਾਂ ਵੱਲੋਂ ਸੂਬੇ ਦੇ ਲੋਕਾਂ ਦੀ ਸਿਹਤ ਅਤੇ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਕੂਲ ਦਾ ਹਰ ਕੰਮ, ਜਿਸ ਦੀ ਸਕੂਲ ਨੂੰ ਜ਼ਰੂਰਤ ਹੈ, ਹੋਣਾ ਚਾਹੀਦਾ ਹੈ ਅਤੇ ਸਕੂਲ ਵਿੱਚ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਹੋਣੀਆਂ ਲਾਜ਼ਮੀ ਹਨ ਤਾਂ ਜੋ ਬੱਚਿਆਂ ਨੂੰ ਪੜ੍ਹਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ, ਪਾਣੀ ਦੀ ਨਿਕਾਸੀ ਦਾ ਪ੍ਰਬੰਧ, ਖੇਡ ਮੈਦਾਨ, ਪਾਰਕ, ਸੀਵਰੇਜ, ਪਿੰਡਾਂ ਦੇ ਛੱਪੜਾਂ ਦੀ ਸਫਾਈ, ਗਲੀਆਂ ਨਾਲੀਆਂ ਪੱਕੀਆਂ ਹੋਣੀਆਂ ਮੁਢਲੀਆਂ ਸਹੂਲਤਾਂ ਹਨ। ਉਨ੍ਰਾਂ ਕਿਹਾ ਉਨ੍ਹਾਂ ਵੱਲੋਂ ਆਪਣੇ ਹਲਕੇ ਦੇ ਪਿੰਡਾਂ ਵਿੱਚ ਕੈਮਰੇ ਵੀ ਲਗਵਾਏ ਜਾਣਗੇ ਤਾਂ ਜੋ ਕਿਸੇ ਅਣਸੁਖਾਂਵੀ ਘਟਨਾ ਤੋਂ ਬਚਿਆ ਜਾ ਸਕੇ।
ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆਂ ਕਿ ਹਲਕੇ ਦੀਆਂ ਸਾਰੀਆਂ ਸੜਕਾਂ ਪਾਸ ਹੋ ਗਈਆਂ ਹਨ ਅਤੇ ਉਨ੍ਹਾਂ ਦਾ ਕੰਮ ਜਲਦ ਹੀ ਸ਼ਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦੇ ਹਰ ਤਰ੍ਹਾਂ ਦੇ ਵਿਕਾਸ ਲਈ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸਹੂਲਤ ਲਈ ਸਕੂਲਾਂ ਵਿੱਚ ਲਾਇਬ੍ਰੇਰੀਆਂ, ਸ਼ਹਿਰਾਂ ਅਤੇ ਪਿੰਡਾਂ ਵਿੱਚ ਕਮਿਊਨਿਟੀ ਸੈਂਟਰ ਆਦਿ ਬਣਾਏ ਜਾ ਰਹੇ ਹਨ।
ਇਸ ਮੌਕੇ ਉਨ੍ਹਾਂ ਵੱਲੋਂ ਸਕੂਲਾਂ ਦੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਬੱਚਿਆਂ ਦੀ ਪੜ੍ਹਾਈ ਲਈ ਪਹਿਲਾਂ ਵੀ ਮਿਹਨਤ ਕਰ ਰਹੇ ਹਨ, ਉਨ੍ਹਾਂ ਦੀ ਮਿਹਨਤ ਸਦਕਾ ਹੀ ਬੱਚੇ ਪੜ੍ਹਾਈ ਵਿੱਚ ਮੱਲਾਂ ਮਾਰ ਰਹੇ ਹਨ ਅਤੇ ਸਕੂਲਾਂ ਦੇ ਨਤੀਜੇ ਵਧੀਆ ਆ ਰਹੇ ਹਨ। ਉਨ੍ਹਾਂ ਅਧਿਆਪਕਾਂ ਨੂੰ ਬੱਚਿਆਂ ਦੀ ਪੜ੍ਰਾਈ ਪ੍ਰਤੀ ਹੋਰ ਮਿਹਨਤ ਕਰਨ ਲਈ ਕਿਹਾ ਤਾਂ ਜੋ ਅੱਗੇ ਤੋਂ ਵੀ ਪੰਜਾਬ ਪੜ੍ਰਾਈ ਵਿੱਚ ਮੋਹਰੀ ਬਣਿਆ ਰਹੇ।
ਇਸ ਮੌਕੇ ਤੇ ਸ੍ਰੀ ਗੁਰਮੰਦਰ ਸਿੰਘ ਐਸ.ਡੀ.ਐਮ. ਖਰੜ, ਸਕੂਲਾਂ ਦੇ ਪ੍ਰਿੰਸੀਪਲ, ਸਮੂਹ ਸਕੂਲਾਂ ਦੇ ਸਟਾਫ ਮੈਂਬਰ, ਸਕੂਲੀ ਬੱਚਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਥਾਨਕ ਵਾਸੀ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ। (ਡੀ ਪੀ ਆਰ ਦੇ ਇੰਪੁੱਟ ਨਾਲ)
Comments are closed.